ਖੁੱਲ੍ਹ ਗਏ ਕੇਦਾਰਨਾਥ ਧਾਮ ਦੇ ਕਿਵਾੜ, ਸ਼ਰਧਾਲੂਆਂ ਨੂੰ ਆਉਣ ਦੀ ਇਜਾਜ਼ਤ ਨਹੀਂ
Monday, May 17, 2021 - 03:50 PM (IST)
ਉੱਤਰਾਖੰਡ— ਉੱਤਰਾਖੰਡ ਦੇ ਹਿਮਾਲਿਆ ਪਰਬਤ ’ਤੇ ਸਥਿਤ ਕੇਦਾਰਨਾਥ ਧਾਮ ਦੇ ਕਿਵਾੜ ਅੱਜ ਸਵੇਰੇ ਵੈਦਿਕ ਮੰਤਰ ਉੱਚਾਰਨ ਨਾਲ ਅਗਲੇ 6 ਮਹੀਨੇ ਲਈ ਖੋਲ੍ਹ ਦਿੱਤੇ ਗਏ। ਮੰਦਰ ਵਿਚ ਪਹਿਲਾ ਰੂਦਰਾਭਿਸ਼ੇਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੁਨੀਆ ’ਚ ਸ਼ਾਂਤੀ ਦੀ ਕਾਮਨਾ ਨਾਲ ਹੋਇਆ। ਕੋਰੋਨਾ ਵਾਇਰਸ ਕਾਰਨ ਮੰਦਰ ਦੇ ਨੁਮਾਇੰਦਿਆਂ, ਚਾਰ ਧਾਮ ਦੇਵਸਥਾਨਮ ਪਰੀਸ਼ਦ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਅਧਿਕਾਰੀ ਦੀ ਹਾਜ਼ਰੀ ਵਿਚ ਸਵੇਰੇ 5 ਵਜੇ ਕਿਵਾੜ ਖੋਲ੍ਹੇ ਗਏ। ਕਿਵਾੜ ਖੁੱਲ੍ਹਣ ਦੀ ਪ੍ਰਕਿਰਿਆ ਸਵੇਰੇ 3 ਵਜੇ ਸ਼ੁਰੂ ਹੋਈ।
ਹਾਲਾਂਕਿ ਮੰਦਰ ਮੁੜ ਖੁੱਲ੍ਹਣ ਤੋਂ ਬਾਅਦ ਕੋਵਿਡ-19 ਕਾਰਨ ਸ਼ਰਧਾਲੂਆਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ। ਮਹਾਮਾਰੀ ਨੂੰ ਵੇਖਦੇ ਹੋਏ ਚਾਰ ਧਾਮ ਯਾਤਰਾ ਨੂੰ ਅਸਥਾਈ ਤੌਰ ’ਤੇ ਮੁਲਤਵੀ ਕਰ ਦਿੱਤਾ ਗਿਆ ਹੈ। ਓਧਰ ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਟਵੀਟ ਕਰ ਕੇ ਕਿਹਾ ਕਿ ਕੇਦਾਰਨਾਥ ਧਾਮ ਅੱਜ ਸਵੇਰੇ 5 ਵਜੇ ਖੋਲ੍ਹਿਆ ਗਿਆ ਹੈ। ਮੈਂ ਸਾਰਿਆਂ ਨੂੰ ਸਿਹਤਮੰਦ ਰੱਖਣ ਦੀ ਅਰਦਾਸ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਅਸਥਾਈ ਤੌਰ ’ਤੇ ਯਾਤਰਾ ਮੁਲਤਵੀ ਹੈ। ਸਾਰੇ ਲੋਕ ਵਰੂਚਅਲੀ ਦਰਸ਼ਨ ਕਰਨ ਅਤੇ ਆਪਣੇ ਘਰਾਂ ’ਚ ਪੂਜਾ-ਪਾਠ ਕਰਨ। ਸੈਰ-ਸਪਾਟਾ ਮੰਤਰੀ ਸਤਪਾਲ ਮਹਾਰਾਜ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਖਤਮ ਹੋਵੇਗੀ ਤਾਂ ਛੇਤੀ ਚਾਰ ਧਾਮ ਯਾਤਰਾ ਸ਼ੁਰੂ ਹੋਵੇਗੀ।