ਉੱਤਰਾਖੰਡ ''ਚ ਮੋਹਲੇਧਾਰ ਮੀਂਹ, ਚਾਰਧਾਮ ਯਾਤਰਾ ਦੋ ਦਿਨ ਲਈ ਮੁਲਤਵੀ

08/14/2023 3:11:07 PM

ਦੇਹਰਾਦੂਨ- ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸੋਮਵਾਰ ਨੂੰ ਕਿਹਾ ਕਿ ਪ੍ਰਦੇਸ਼ ਵਿਚ ਪੈ ਰਹੇ ਮੀਂਹ ਨੂੰ ਵੇਖਦੇ ਹੋਏ ਦੋ ਦਿਨ ਲਈ ਚਾਰਧਾਮ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ। ਇਕ ਸਰਕਾਰੀ ਬਿਆਨ ਮੁਤਾਬਕ ਪ੍ਰਦੇਸ਼ ਦੇ ਉੱਚ ਅਧਿਕਾਰੀਆਂ ਨਾਲ ਇਕ ਬੈਠਕ 'ਚ ਮੁੱਖ ਮੰਤਰੀ ਨੇ ਕਿਹਾ ਕਿ ਮੋਹਲੇਧਾਰ ਮੀਂਹ ਅਤੇ ਇਸ ਕਾਰਨ ਪੈਦਾ ਹੋਏ ਹਾਲਾਤ ਨੂੰ ਵੇਖਦੇ ਹੋਏ ਦੋ ਦਿਨਾਂ ਲਈ ਚਾਰਧਾਮ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ। 

ਇਸ ਦੌਰਾਨ ਉਨ੍ਹਾਂ ਨੇ ਸਾਰੇ ਸ਼ਰਧਾਲੂਆਂ ਨੂੰ ਮੌਸਮ ਦੇ ਪੂਰਵ ਅਨੁਮਾਨ ਨੂੰ ਵੇਖ ਕੇ ਹੀ ਯਾਤਰਾ ਕਰਨ ਦੀ ਅਪੀਲ ਕੀਤੀ। ਪ੍ਰਦੇਸ਼ ਵਿਚ ਇਨ੍ਹੀਂ ਦਿਨੀਂ ਬਦਰੀਨਾਥ, ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਧਾਮਾਂ ਦੀ ਯਾਤਰਾ ਚੱਲ ਰਹੀ ਹੈ ਅਤੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਸ਼ਰਧਾਲੂ ਇਨ੍ਹਾਂ ਧਾਮਾਂ ਦੇ ਦਰਸ਼ਨਾਂ ਲਈ ਪਹੁੰਚ ਰਹੇ ਹਨ। ਧਾਮੀ ਨੇ ਇਸ ਦੌਰਾਨ ਅਧਿਕਾਰੀਆਂ ਨੂੰ ਪ੍ਰਦੇਸ਼ ਦੇ ਵੱਖ-ਵੱਖ ਖੇਤਰਾਂ ਵਿਚ ਪੈ ਰਹੇ ਮੀਂਹ ਨੂੰ ਵੇਖਦੇ ਹੋਏ ਅਲਰਟ ਮੋਡ 'ਤੇ ਰਹਿਣ ਦੇ ਵੀ ਨਿਰਦੇਸ਼ ਦਿੱਤੇ।

ਉਨ੍ਹਾਂ ਨੇ ਜ਼ਿਆਦਾ ਬਾਰਿਸ਼ ਨਾਲ ਪ੍ਰਭਾਵਿਤ ਇਲਾਕਿਆਂ ਅਤੇ ਉੱਥੇ ਕੀਤੇ ਜਾ ਰਹੇ ਰਾਹਤ ਅਤੇ ਬਚਾਅ ਕਾਰਜਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਸੂਬੇ ਵਿੱਚ ਜਿੱਥੇ ਕਿਤੇ ਵੀ ਭਾਰੀ ਮੀਂਹ ਕਾਰਨ ਨੁਕਸਾਨ ਹੋ ਰਿਹਾ ਹੈ, ਉੱਥੇ ਪ੍ਰਭਾਵਿਤ ਲੋਕਾਂ ਨੂੰ ਨਿਯਮਾਂ ਅਨੁਸਾਰ ਜਲਦੀ ਤੋਂ ਜਲਦੀ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ। ਉਨ੍ਹਾਂ ਨੇ ਸੂਬੇ 'ਚ ਜ਼ਿਆਦਾ ਮੀਂਹ ਕਾਰਨ ਹੋਏ ਨੁਕਸਾਨ ਦਾ ਪੂਰਾ ਮੁਲਾਂਕਣ ਕਰਨ ਲਈ ਵੀ ਕਿਹਾ। ਮੁੱਖ ਮੰਤਰੀ ਨੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਰਾਹਤ ਕਾਰਜਾਂ 'ਚ ਲੱਗੀਆਂ ਸਾਰੀਆਂ ਟੀਮਾਂ ਨੂੰ 24 ਘੰਟੇ ਅਲਰਟ ਮੋਡ 'ਤੇ ਰੱਖਿਆ ਜਾਵੇ।
 


Tanu

Content Editor

Related News