ਉੱਤਰਾਖੰਡ ''ਚ ਵਾਪਰਿਆ ਭਿਆਨਕ ਹਾਦਸਾ, 4 ਦੀ ਮੌਤ
Sunday, Jul 28, 2019 - 04:19 PM (IST)

ਟਿਹਰੀ (ਭਾਸ਼ਾ)— ਉੱਤਰਾਖੰਡ ਦੇ ਟਿਹਰੀ ਜ਼ਿਲੇ ਦੇ ਨਰਿੰਦਰ ਨਗਰ ਖੇਤਰ ਵਿਚ ਐਤਵਾਰ ਨੂੰ ਕਾਂਵੜੀਆਂ ਦੇ ਦੋ ਵਾਹਨਾਂ 'ਤੇ ਇਕ ਵੱਡੀ ਚੱਟਾਨ ਡਿੱਗ ਜਾਣ ਕਾਰਨ 4 ਕਾਂਵੜੀਆ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ। ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਸ਼ਟਰੀ ਹਾਈਵੇਅ-94 'ਤੇ ਰਿਸ਼ੀਕੇਸ਼-ਗੰਗੋਤਰੀ ਨੇੜੇ ਬਗਡਧਾਰ 'ਚ ਅਚਾਨਕ ਚੱਟਾਨ ਡਿੱਗ ਗਈ ਅਤੇ ਉੱਥੋਂ ਲੰਘ ਰਹੀ ਟਾਟਾ ਸੂਮੋ ਅਤੇ ਇਕ ਮੋਟਰਸਾਈਕਲ 'ਤੇ ਸਵਾਰ ਲੋਕ ਪੱਥਰਾਂ ਹੇਠਾਂ ਦੱਬੇ ਗਏ। ਘਟਨਾ ਉਸ ਸਮੇਂ ਹੋਈ ਜਦੋਂ ਕਾਂਵੜੀਏ ਗੰਗੋਤਰੀ ਤੋਂ ਗੰਗਾਜਲ ਲੈ ਕੇ ਰਿਸ਼ੀਕੇਸ਼ ਆ ਰਹੇ ਸਨ।
ਨਰਿੰਦਰ ਨਗਰ ਦੇ ਪੁਲਸ ਥਾਣਾ ਮੁਖੀ ਮਨੀਸ਼ ਨੇ ਦੱਸਿਆ ਕਿ ਘਟਨਾ ਵਿਚ 4 ਕਾਂਵੜੀਆ ਦੀ ਮੌਤ ਹੋ ਗਈ ਹੈ, ਜਿਸ ਵਿਚ 3 ਦੀ ਪਛਾਣ ਹੋ ਚੁੱਕੀ ਹੈ? ਮ੍ਰਿਤਕਾਂ ਦੀ ਪਛਾਣ ਹਰਿਆਣਾ ਦੇ ਰੇਵਾੜੀ ਜ਼ਿਲੇ ਦੇ ਰਹਿਣ ਵਾਲੇ ਲੋਕੇਸ਼ (23 ਸਾਲ), ਜਤਿੰਦਰ ਉਰਫ ਸੰਨੀ (34 ਸਾਲ) ਅਤੇ ਕਮਲ ਸਿੰਘ (21 ਸਾਲ) ਵਜੋਂ ਹੋਈ ਹੈ। ਇਕ ਹੋਰ ਦੀ ਪਛਾਣ ਹੋਣੀ ਅਜੇ ਬਾਕੀ ਹੈ। ਘਟਨਾ ਵਿਚ ਸੂਮੋ ਟਾਟਾ ਵਿਚ ਸਵਾਰ 3 ਲੋਕਾਂ, ਜਦਕਿ ਮੋਟਰਸਾਈਕਲ 'ਤੇ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਸਾਰੇ 8 ਜ਼ਖਮੀਆਂ ਨੂੰ ਮੁੱਢਲੇ ਇਲਾਜ ਮਗੋਂ ਰਿਸ਼ੀਕੇਸ਼ ਲਈ ਰੈਫਰ ਕਰ ਦਿੱਤਾ ਗਿਆ ਹੈ।