ਉੱਤਰ ਪ੍ਰਦੇਸ਼ : ਇਕ ਹੀ ਰਾਤ ਚਾਰ ਨਵਜਾਤ ਸ਼ਿਸ਼ੂਆਂ ਦੀ ਮੌਤ, ਪਰਿਵਾਰ ਵਾਲਿਆਂ ਨੇ ਕੀਤੀ ਕਾਰਵਾਈ ਦੀ ਮੰਗ

06/02/2020 2:31:10 PM

ਬਦਾਊਂ- ਉੱਤਰ ਪ੍ਰਦੇਸ਼ 'ਚ ਬਦਾਊਂ ਦੇ ਇਸਲਾਮਨਗਰ ਸਥਿਤ ਸੀ.ਐੱਮ.ਸੀ. 'ਚ ਇਕ ਹੀ ਰਾਤ ਚਾਰ ਨਵਜਾਤ ਸ਼ਿਸ਼ੂਆਂ ਦੀ ਮੌਤ ਤੋਂ ਬਾਅਦ ਜ਼ਿਲ੍ਹਾ ਅਧਿਕਾਰੀ ਨੇ ਮੈਜਿਸਟਰੇਟ ਜਾਂਚ ਦੇ ਆਦੇਸ਼ ਦਿੱਤੇ ਹਨ। ਮੁੱਖ ਮੈਡੀਕਲ ਅਧਿਕਾਰੀ ਡਾ. ਯਸ਼ਪਾਲ ਸਿੰਘ ਨੇ ਮੰਗਲਵਾਰ ਨੂੰ ਦੱਸਿਆ ਕਿ ਐਤਵਾਰ ਰਾਤ ਗਿਰਧਰਪੁਰ ਵਾਸੀ ਜੇਂਡਰ ਪਾਲ ਦੀ ਪਤਨੀ ਅਨੀਤਾ ਨੂੰ ਸੀ.ਐੱਸ.ਸੀ. ਲਿਆਂਦਾ ਗਿਆ। ਅਨੀਤਾ ਨੇ ਬੇਟੇ ਨੂੰ ਜਨਮ ਦਿੱਤਾ। ਜਨਮ ਲੈਣ ਦੇ ਕੁਝ ਹੀ ਸਮੇਂ ਬਾਅਦ ਨਵਜਾਤ ਦੀ ਮੌਤ ਹੋ ਗਈ। ਦੂਜੇ ਮਾਮਲੇ 'ਚ ਅਲੀ ਨਗਰ ਵਾਸੀ ਜਿਤੇਂਦਰ ਦੀ ਪਤਨੀ ਸੁਨੀਤਾ ਨੇ ਵੀ ਰਾਤ ਨੂੰ ਬੇਟੇ ਨੂੰ ਜਨਮ ਦਿੱਤਾ ਸੀ, ਉਸ ਦੀ ਵੀ ਕੁਝ ਦੇਰ ਬਾਅਦ ਮੌਤ ਹੋ ਗਈ। ਤੀਜਾ ਮਾਮਲਾ ਬਾਲਪੁਰ ਪਿੰਡ ਦਾ ਹੈ, ਜਿੱਥੇ ਉਮੇਸ਼ ਦੀ ਪਤਨੀ ਕੁਸੁਮ ਦੇਵੀ ਨੇ ਦੇਰ ਰਾਤ ਬੇਟੇ ਨੂੰ ਜਨਮ ਦਿੱਤਾ ਸੀ, ਕੁਝ ਦੇਰ ਬਾਅਦ ਉਸ ਦੀ ਵੀ ਮੌਤ ਹੋ ਗਈ ਅਤੇ ਚੌਥਾ ਮਾਮਲਾ ਪਿੰਡ ਸਖਾਮਈ ਦਾ ਹੈ, ਜਿੱਥੇ ਰਹਿਣ ਵਾਲੀ ਮਾਲਾ ਨੂੰ ਬੇਟੀ ਹੋਈ ਸੀ ਪਰ ਜਨਮ ਦੇ ਕੁਝ ਸਮੇਂ ਬਾਅਦ ਹੀ ਉਸ ਦੀ ਵੀ ਮੌਤ ਹੋ ਗਈ।

ਡਾ. ਯਸ਼ਪਾਲ ਨੇ ਦੱਸਿਆ ਕਿ ਚਾਰੇ ਮ੍ਰਿਤਕ ਨਵਜਾਤ ਦੇ ਪਰਿਵਾਰ ਵਾਲਿਆਂ ਅਤੇ ਮਾਂਵਾਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਤੋਂ ਡਿਲਿਵਰੀ ਕਰਵਾਉਣ ਦੇ ਨਾਂ 'ਤੇ 1000 ਤੋਂ ਲੈ ਕੇ 1500 ਰੁਪਏ ਤੱਕ ਮੰਗੇ ਗਏ ਸਨ। ਰੁਪਏ ਨਾ ਦੇਣ ਦੀ ਸਥਿਤੀ 'ਚ ਇਲਾਜ 'ਚ ਲਾਪਰਵਾਹੀ ਕੀਤੀ ਗਈ, ਜਿਸ ਨਾਲ ਬੱਚਿਆਂ ਦੀ ਮੌਤ ਹੋ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਸੀ.ਐੱਚ.ਸੀ. 'ਤੇ ਤਾਇਨਾਤ ਐੱਮ.ਓ.ਆਈ.ਸੀ. ਨੇ ਮਾਮਲੇ ਨੂੰ ਲੁਕਾਉਣ ਦੀ ਬਹੁਤ ਕੋਸ਼ਿਸ਼ ਕੀਤੀ ਅਤੇ ਪੀੜਤਾਂ ਨੂੰ ਸਮਝੌਤੇ ਲਈ ਬੁਲਾਉਂਦੇ ਰਹੇ। ਪੀੜਤਾਂ ਦੇ ਕਾਰਵਾਈ ਦੀ ਮੰਗ ਅਤੇ ਜ਼ਿਲ੍ਹਾ ਅਧਿਕਾਰੀ ਨੂੰ ਸ਼ਿਕਾਇਤ ਤੋਂ ਬਾਅਦ ਇਹ ਮਾਮਲਾ ਸੁਰਖੀਆਂ 'ਚ ਆਇਆ। ਜ਼ਿਲ੍ਹਾ ਅਧਿਕਾਰੀ ਕੁਮਾਰ ਪ੍ਰਸ਼ਾਂਤ ਨੇ ਦੱਸਿਆ ਕਿ ਸੀ.ਐੱਮ.ਓ. ਤੋਂ ਰਿਪੋਰਟ ਮੰਗੀ ਗਈ ਹੈ। ਉੱਪ ਜ਼ਿਲ੍ਹਾ ਅਧਿਕਾਰੀ ਬਿਲਸੀ ਨੂੰ ਮੈਜਿਸਟਰੇਟ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਮਾਮਲਾ ਬਹੁਤ ਗੰਭੀਰ ਹੈ। ਸਿਹਤ ਮਹਿਕਮਾ ਨੂੰ ਵੀ ਜਾਂਚ ਕਰ ਕੇ ਰਿਪੋਰਟ ਦੇਣ ਦੇ ਆਦੇਸ਼ ਦਿੱਤੇ ਹਨ। ਮਾਮਲੇ 'ਚ ਦੋਸ਼ੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।


DIsha

Content Editor

Related News