ਉੱਤਰ ਪ੍ਰਦੇਸ਼ ਦੇ ਡਾਕਟਰ ਨੂੰ ਮੌਤ ਦੇ 13ਵੇਂ ਦਿਨ ਮਿਲਿਆ ਟਰਾਂਸਫਰ ਪੱਤਰ, ਜਾਣੋ ਪੂਰਾ ਮਾਮਲਾ

07/03/2022 1:31:44 PM

ਪ੍ਰਯਾਗਰਾਜ (ਵਾਰਤਾ)- ਉੱਤਰ ਪ੍ਰਦੇਸ਼ ਦੇ ਚਿੱਤਰਕੂਟ 'ਚ ਇਕ 55 ਸਾਲਾ ਸਰਕਾਰੀ ਡਾਕਟਰ ਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ 13ਵੇਂ ਦਿਨ ਵਟਸਐੱਪ ਨੰਬਰ 'ਤੇ ਟਰਾਂਸਫਰ ਪੱਤਰ ਮਿਲਿਆ। ਉਹ ਇਕ ਪੁਰਾਣੀ ਬੀਮਾਰੀ ਦਾ ਹਵਾਲਾ ਦਿੰਦੇ ਹੋਏ ਪਿਛਲੇ 2 ਸਾਲਾਂ ਤੋਂ ਆਪਣੇ ਗ੍ਰਹਿਨਗਰ ਪ੍ਰਯਾਗਰਾਜ 'ਚ ਟਰਾਂਸਫਰ ਦੀ ਮੰਗ ਕਰ ਰਹੇ ਸਨ ਪਰ ਉਨ੍ਹਾਂ ਦੀ ਅਪੀਲ ਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ਹੀ ਮਨਜ਼ੂਰੀ ਮਿਲੀ। ਚਿੱਤਰਕੂਟ ਦੇ ਜ਼ਿਲ੍ਹਾ ਹਸਪਤਾਲ 'ਚ ਤਾਇਨਾਤ ਦੀਪੇਂਦਰ ਸਿੰਘ ਲੀਵਰ 'ਚ ਇਨਫੈਕਸ਼ਨ ਕਾਰਨ ਕਾਫ਼ੀ ਸਮੇਂ ਤੋਂ ਗੰਭੀਰ ਰੂਪ ਨਾਲ ਬੀਮਾਰ ਚੱਲ ਰਹੇ ਸਨ। ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਅਨੁਸਾਰ, ਸਿੰਘ ਨੇ ਸਿਹਤ ਦੇ ਆਧਾਰ 'ਤੇ ਪ੍ਰਯਾਗਰਾਜ ਟਰਾਂਸਫਰ ਕਰਨ ਦੀ ਅਪੀਲ ਕੀਤੀ ਸੀ। ਸਿੰਘ ਨੇ 17 ਜੂਨ ਦੀ ਰਾਤ ਆਖ਼ਰੀ ਸਾਹ ਲਿਆ। ਹਾਲਾਂਕਿ ਸੂਬੇ ਦੇ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਵਲੋਂ 30 ਜੂਨ ਨੂੰ ਜਾਰੀ ਕੀਤੀ ਗਈ ਤਬਾਦਲਾ ਸੂਚੀ ਅਨੁਸਾਰ ਉਨ੍ਹਾਂ ਦਾ ਤਬਾਦਲਾ ਚਿੱਤਰਕੂਟ ਤੋਂ ਪ੍ਰਯਾਗਰਾਜ ਕਰ ਦਿੱਤਾ ਗਿਆ। ਸਿੰਘ ਦੇ ਪਰਿਵਾਰ ਨੂੰ ਇਸ ਟਰਾਂਸਫਰ ਪੱਤਰ, ਉਸ ਦਿਨ ਮਿਲਿਆ, ਜਦੋਂ ਉਨ੍ਹਾਂ ਦੀ '13ਵੀਂ' ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਸਨ।

ਇਹ ਵੀ ਪੜ੍ਹੋ : ਮਹਾਰਾਸ਼ਟਰ : ਨੂਪੁਰ ਸ਼ਰਮਾ ਦੇ ਸਮਰਥਨ 'ਚ ਪੋਸਟ ਸਾਂਝੀ ਕਰਨ ਵਾਲੇ ਕੈਮਿਸਟ ਦਾ ਕਤਲ, 5 ਗ੍ਰਿਫ਼ਤਾਰ

ਸਿੰਘ ਦੇ ਛੋਟੇ ਭਰਾ ਹੇਮੇਂਦਰ ਸਿੰਘ ਨੇ ਕਿਹਾ,''ਮੇਰਾ ਭਰਾ ਇਕ ਗੰਭੀਰ ਇਨਫੈਕਸ਼ਨ ਨਾਲ ਪੀੜਤ ਸੀ ਅਤੇ ਪਿਛਲੇ 2 ਸਾਲਾਂ ਤੋਂ ਟਰਾਂਸਫਰ ਦੀ ਅਪੀਲ ਕਰ ਰਿਹਾ ਸੀ ਪਰ ਸਾਰੀਆਂ ਅਪੀਲਾਂ ਸੂਬੇ ਦੇ ਸਿਹਤ ਵਿਭਾਗ 'ਤੇ ਕੋਈ ਪ੍ਰਭਾਵ ਪਾਉਣ 'ਚ ਅਸਫ਼ਲ ਰਹੀਆਂ। ਉਹ ਪਿਛਲੇ 3 ਮਹੀਨਿਆਂ ਤੋਂ ਛੁੱਟੀ 'ਤੇ ਸਨ ਅਤੇ 17-18 ਜੂਨ ਦੀ ਦਰਮਿਆਨੀ ਰਾਤ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਹੁਣ ਸਾਨੂੰ ਉਨ੍ਹਾਂ ਦੇ ਤਬਾਦਲੇ ਦੇ ਆਦੇਸ਼ ਮਿਲ ਗਏ ਹਨ।'' ਸਿੰਘ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ ਆਭਾ ਸਿੰਘ ਹੈ, ਜੋ ਇਸਤਰੀ ਰੋਗ ਮਾਹਿਰ ਹੈ ਅਤੇ 2 ਨਾਬਾਲਗ ਪੁੱਤਰਾਂ ਨਾਲ ਰਹਿੰਦੀ ਹੈ। ਸਿੰਘ ਦੀ ਪਤਨੀ ਨੇ ਕਿਹਾ,''ਉਨ੍ਹਾਂ ਦੀ ਮੌਤ ਤੋਂ ਬਾਅਦ ਤਬਾਦਲਾ ਆਦੇਸ਼ ਦੇਖ ਕੇ ਸਾਨੂੰ ਸਮਝ ਨਹੀਂ ਆ ਰਿਹਾ ਕਿ ਕਿਹੜੀ ਪ੍ਰਤੀਕਿਰਿਆ ਦੇਈਏ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News