UP 'ਚ ਇਕ ਹੋਰ ਦਲਿਤ ਕੁੜੀ ਹੋਈ ਦਰਿੰਦਗੀ ਦਾ ਸ਼ਿਕਾਰ, ਇਨਸਾਫ਼ ਦੀ ਉਮੀਦ ਛੱਡ ਕੀਤੀ ਖ਼ੁਦਕੁਸ਼ੀ

Wednesday, Oct 14, 2020 - 01:24 PM (IST)

UP 'ਚ ਇਕ ਹੋਰ ਦਲਿਤ ਕੁੜੀ ਹੋਈ ਦਰਿੰਦਗੀ ਦਾ ਸ਼ਿਕਾਰ, ਇਨਸਾਫ਼ ਦੀ ਉਮੀਦ ਛੱਡ ਕੀਤੀ ਖ਼ੁਦਕੁਸ਼ੀ

ਚਿੱਤਰਕੂਟ- ਉੱਤਰ ਪ੍ਰਦੇਸ਼ ਦੇ ਚਿੱਤਰਕੂਟ ਜ਼ਿਲ੍ਹੇ 'ਚ ਸਮੂਹਕ ਜਬਰ ਜ਼ਿਨਾਹ ਦੀ ਪੀੜਤ ਇਕ ਦਲਿਤ ਕੁੜੀ ਨੇ ਫਾਹਾ ਲਗਾ ਕੇ ਮੰਗਲਵਾਰ ਨੂੰ ਖ਼ੁਦਕੁਸ਼ੀ ਕਰ ਲਈ। ਪਰਿਵਾਰ ਵਾਲਿਆਂ ਨੇ ਜਬਰ ਜ਼ਿਨਾਹ ਦਾ ਮਾਮਲਾ ਦਰਜ ਨਹੀਂ ਕੀਤੇ ਜਾਣ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕੀਤੇ ਜਾਣ ਦੀ ਗੱਲ ਕਹੀ ਹੈ। ਉੱਥੇ ਹੀ ਪੁਲਸ ਨੇ ਦੱਸਿਆ ਕਿ 5 ਦਿਨਾਂ ਤੱਕ ਪਰਿਵਾਰ ਵਾਲਿਆਂ ਨੇ ਕੋਈ ਸ਼ਿਕਾਇਤ ਨਹੀਂ ਦਿੱਤੀ ਸੀ। ਮੰਗਲਵਾਰ ਨੂੰ ਕੁੜੀ ਦੇ ਖ਼ੁਦਕੁਸ਼ੀ ਕਰਨ ਤੋਂ ਬਾਅਦ ਮਿਲੀ ਸ਼ਿਕਾਇਤ 'ਤੇ ਸਮੂਹਕ ਜਬਰ ਜ਼ਿਨਾਹ ਅਤੇ ਖ਼ੁਦਕੁਸ਼ੀ ਲਈ ਉਕਸਾਉਣ ਨਾਲ ਸੰਬੰਧਤ ਧਾਰਾਵਾਂ 'ਚ ਮੁਕੱਦਮਾ ਦਰਜ ਕਰ ਕੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਚਿੱਤਰਕੂਟ ਦੇ ਪੁਲਸ ਸੁਪਰਡੈਂਟ (ਐੱਸ.ਪੀ.) ਅੰਕਿਤ ਮਿੱਤਲ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਮਾਨਿਕਪੁਰ ਥਾਣਾ ਖੇਤਰ ਦੇ ਇਕ ਪਿੰਡ 'ਚ 15 ਸਾਲ ਦੀ ਇਕ ਦਲਿਤ ਕੁੜੀ ਨੇ ਆਪਣੇ ਘਰ 'ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ।

8 ਅਕਤੂਬਰ ਨੂੰ ਹੋਇਆ ਸੀ ਸਮੂਹਕ ਜਬਰ ਜ਼ਿਨਾਹ
ਉਨ੍ਹਾਂ ਨੇ ਦੱਸਿਆ ਕਿ ਕੁੜੀ ਦੀ ਮੌਤ ਤੋਂ ਬਾਅਦ ਉਸ ਦੇ ਪਿਤਾ ਨੇ ਆਪਣੀ ਸ਼ਿਕਾਇਤ 'ਚ ਧੀ ਨਾਲ 8 ਅਕਤੂਬਰ ਨੂੰ ਸਮੂਹਕ ਜਬਰ ਜ਼ਿਨਾਹ ਕੀਤੇ ਜਾਣ ਦਾ ਦੋਸ਼ ਲਗਾਇਆ ਹੈ। ਇਸ ਸਿਲਸਿਲੇ 'ਚ ਪਿੰਡ ਦੇ ਸਾਬਕਾ ਪ੍ਰਧਾਨ ਦੇ ਬੇਟੇ ਕਿਸ਼ਨ ਉਪਾਧਿਆਏ ਅਤੇ ਆਸ਼ੀਸ਼ ਤੇ ਸਤੀਸ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਵਿਰੁੱਧ ਸਮੂਹਕ ਜਬਰ ਜ਼ਿਨਾਹ, ਖ਼ੁਦਕੁਸ਼ੀ ਲਈ ਉਕਸਾਉਣ ਅਤੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਐਕਟ ਅਤੇ ਪਾਕਸੋ ਕਾਨੂੰਨ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ।

ਪੋਸਟਮਾਰਟਮ ਰਿਪੋਰਟ 'ਚ ਜਬਰ ਜ਼ਿਨਾਹ ਦੀ ਪੁਸ਼ਟੀ ਨਹੀਂ ਹੋਈ- ਐੱਸ.ਪੀ.
ਐੱਸ.ਪੀ. ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ 'ਚ ਜਬਰ ਜ਼ਿਨਾਹ ਦੀ ਪੁਸ਼ਟੀ ਨਹੀਂ ਹੋਈ, ਲਿਹਾਜਾ 'ਸਲਾਈਡ' ਪ੍ਰਯੋਗਸ਼ਾਲਾ ਭੇਜੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਕੁੜੀ ਦੀ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ ਅਤੇ ਹਾਲਾਤ ਨੂੰ ਦੇਖਦੇ ਹੋਏ ਪਿੰਡ 'ਚ ਪੂਰੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਪਰਿਵਾਰ ਵਾਲਿਆਂ ਨੇ ਬੁੱਧਵਾਰ ਯਾਨੀ ਅੱਜ ਕੁੜੀ ਦਾ ਅੰਤਿਮ ਸੰਸਕਾਰ ਕਰਨਗੇ। ਇਸ ਵਿਚ ਕੁੜੀ ਦੇ ਪਿਤਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਧੀ 8 ਅਕਤੂਬਰ ਨੂੰ ਖੇਤ ਗਈ ਸੀ, ਜਿੱਥੇ ਦੋਸ਼ੀਆਂ ਨੇ ਸਮੂਹਕ ਜਬਰ ਜ਼ਿਨਾਹ ਕਰਨ ਤੋਂ ਬਾਅਦ ਉਸ ਦੇ ਹੱਥ-ਪੈਰ ਬੰਨ੍ਹ ਕੇ ਜੰਗਲ 'ਚ ਹੀ ਸੁੱਟ ਦਿੱਤਾ ਸੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਹੱਥ-ਪੈਰ ਖੋਲ੍ਹੇ ਸਨ ਅਤੇ ਸਮੂਹਕ ਜਬਰ ਜ਼ਿਨਾਹ ਦੀ ਘਟਨਾ ਦੱਸਣ ਤੋਂ ਬਾਅਦ ਵੀ ਕਿਸੇ ਤਰ੍ਹਾਂ ਦਾ ਮੁਕੱਦਮਾ ਦਰਜ ਨਹੀਂ ਕੀਤਾ ਸੀ। ਉਨ੍ਹਾਂ ਨੇ ਕਿਹਾ,''ਸਮੂਹਕ ਜਬਰ ਜ਼ਿਨਾਹ ਦਾ ਮੁਕੱਦਮਾ ਦਰਜ ਨਾ ਕੀਤੇ ਜਾਣ ਤੋਂ ਦੁਖੀ ਹੋ ਕੇ ਕੁੜੀ ਨੇ ਖ਼ੁਦਕੁਸ਼ੀ ਕਰ ਲਈ।''


author

DIsha

Content Editor

Related News