ਅਮਰੀਕਾ ਨੇ 73 ਸਾਲਾ ਹਰਜੀਤ ਕੌਰ ਸਣੇ 132 ਭਾਰਤੀ ਕੀਤੇ ਡਿਪੋਰਟ, ਹੱਥਕੜੀਆਂ ਤੇ ਬੇੜੀਆਂ ਪਾ ਪਹੁੰਚੇ ਦਿੱਲੀ
Thursday, Sep 25, 2025 - 01:33 PM (IST)

ਨਿਊਯਾਰਕ/ਦਿੱਲੀ (ਬਿਊਰੋ) : ਅਮਰੀਕਾ ਨੇ ਇਕ ਵਾਰ ਫਿਰ ਤੋਂ 132 ਭਾਰਤੀਆਂ ਨੂੰ ਡਿਪੋਰਟ ਕਰ ਦਿੱਤਾ ਹੈ। ਤਾਜਾ ਮਾਮਲੇ ਵਿੱਚ ਜੋ 132 ਭਾਰਤੀ ਡਿਪੋਰਟ ਕੀਤੇ ਗਏ ਹਨ, ਉਨ੍ਹਾਂ ਵਿਚ ਅਮਰੀਕਾ ਵਿੱਚ ਪਿਛਲੇ 30 ਸਾਲਾਂ ਤੋਂ ਰਹਿ ਰਹੀ 73 ਸਾਲਾ ਪੰਜਾਬਣ ਬਜ਼ੁਰਗ ਮਾਤਾ ਹਰਜੀਤ ਕੌਰ ਵੀ ਸ਼ਾਮਲ ਦੱਸੀ ਜਾ ਰਹੀ ਹੈ। ਜਿਸ 'ਤੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ 'ਚ ਰਹਿਣ ਦਾ ਦੋਸ਼ ਲਗਾਇਆ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਹਰਜੀਤ ਕੌਰ ਨੂੰ ਹੱਥਕੜੀਆਂ ਅਤੇ ਪੈਰਾਂ ਵਿੱਚ ਬੇੜੀਆਂ ਪਾ ਕੇ ਭਾਰਤ ਭੇਜਿਆ ਗਿਆ, ਜਿਸ ਨੂੰ ਲੈ ਕੇ ਭਾਰਤੀ ਅਤੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਹੈ।
ਰੂਟੀਨ ਚੈੱਕ-ਇਨ ਦੌਰਾਨ ਲਿਆ ਹਿਰਾਸਤ 'ਚ
ਜਾਣਕਾਰੀ ਮੁਤਾਬਕ, ਹਰਜੀਤ ਕੌਰ ਨੂੰ ਈਸਟ ਬੇ, ਕੈਲੀਫੋਰਨੀਆ ਵਿਖੇ ਉਸ ਵੇਲੇ ਹਿਰਾਸਤ 'ਚ ਲਿਆ ਗਿਆ, ਜਦੋਂ ਉਹ ਆਪਣੀ ਰੂਟੀਨ ਚੈੱਕ-ਇਨ ਲਈ ਯੂਐਸ ਇੰਮੀਗ੍ਰੇਸ਼ਨ ਐਂਡ ਕਸਟਮਸ ਇੰਫੋਰਸਮੈਂਟ (ICE) ਦੇ ਦਫ਼ਤਰ ਗਈ ਸੀ। ਹਾਲਾਂਕਿ ਉਸ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ, ਪਰ 2013 ਵਿੱਚ ਉਸ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਉਹ ਲਗਾਤਾਰ ਹਰ ਛੇ ਮਹੀਨੇ ICE ਨੂੰ ਰਿਪੋਰਟ ਕਰਦੀ ਆ ਰਹੀ ਸੀ।
ਹਰਜੀਤ ਕੌਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਮਰੀਕਾ ਵਿੱਚ ਵਸਦੇ ਭਾਰਤੀ ਅਤੇ ਸਿੱਖ ਭਾਈਚਾਰੇ ਨੇ ਜ਼ੋਰਦਾਰ ਪ੍ਰਦਰਸ਼ਨ ਕੀਤੇ ਸਨ। ਪਰਿਵਾਰ ਅਤੇ ਭਾਈਚਾਰੇ ਨੇ ਉਨ੍ਹਾਂ ਦੀ ਵਧਦੀ ਉਮਰ ਅਤੇ ਸਿਹਤ ਦਾ ਹਵਾਲਾ ਦੇ ਕੇ ਰਿਹਾਈ ਦੀ ਮੰਗ ਕੀਤੀ, ਪਰ ICE ਅਧਿਕਾਰੀਆਂ ਨੇ ਸਾਰੀਆਂ ਅਪੀਲਾਂ ਨੂੰ ਦਰਕਿਨਾਰ ਕਰਦੇ ਹੋਏ ਉਨ੍ਹਾਂ ਨੂੰ ਡਿਪੋਰਟ ਕਰਨ ਦਾ ਫੈਸਲਾ ਕੀਤਾ।
ਚਾਰਟਰਡ ਜਹਾਜ਼ ਰਾਹੀਂ ਦਿੱਲੀ ਭੇਜੇ 132 ਭਾਰਤੀ
ਦਿੱਲੀ ਅਟਾਰਨੀ ਦੀਪਕ ਆਹਲੂਵਾਲੀਆ ਨੇ ਇਸ ਬਾਰੇ ਮੀਡੀਆ ਨੂੰ ਦੱਸਿਆ ਕਿ ਹਰਜੀਤ ਕੌਰ ਸਮੇਤ 132 ਭਾਰਤੀ ਨਾਗਰਿਕਾਂ ਨੂੰ ਜਾਰਜੀਆ ਤੋਂ ਇੱਕ ਚਾਰਟਰਡ ਜਹਾਜ਼ ਰਾਹੀਂ ਪਹਿਲਾਂ ਅਰਮੇਨੀਆ ਲਿਜਾਇਆ ਗਿਆ ਅਤੇ ਫਿਰ ਉੱਥੋਂ ਦਿੱਲੀ ਏਅਰਪੋਰਟ ਪਹੁੰਚਾਇਆ ਗਿਆ। ਦਿੱਲੀ ਹਵਾਈ ਅੱਡੇ 'ਤੇ ਹਰਜੀਤ ਕੌਰ ਦੇ ਰਿਸ਼ਤੇਦਾਰ ਉਨ੍ਹਾਂ ਨੂੰ ਲੈਣ ਲਈ ਪਹੁੰਚੇ ਹੋਏ ਸਨ।