ਭਾਰਤ ਆ ਰਿਹੈ ਅਮਰੀਕੀ ''ਹੰਟਰ'', ਅਰਬ ਸਾਗਰ ''ਚ ਚੀਨੀ ਤੇ ਪਾਕਿਸਤਾਨੀ ਪਣਡੁੱਬੀਆਂ ਦਾ ਕਰੇਗਾ ਸ਼ਿਕਾਰ

09/24/2020 7:29:30 PM

ਵਾਸ਼ਿੰਗਟਨ/ਨਵੀਂ ਦਿੱਲੀ - ਭਾਰਤ ਅਤੇ ਚੀਨ ਵਿਚ ਤਣਾਅ ਵਿਚਾਲੇ ਅਮਰੀਕਾ ਅਗਲੇ ਮਹੀਨੇ ਡ੍ਰੈਗਨ (ਚੀਨ) ਦੀਆਂ ਪਣਡੁੱਬੀਆਂ ਦਾ ਸ਼ਿਕਾਰ ਕਰਨ ਲਈ ਭਾਰਤ ਨੂੰ ਆਪਣਾ ਸਭ ਤੋਂ ਵੱਡਾ 'ਸ਼ਿਕਾਰੀ' ਦੇਣ ਜਾ ਰਿਹਾ ਹੈ। ਹਿੰਦ ਮਹਾਸਾਗਰ ਅਤੇ ਅਰਬ ਸਾਗਰ ਵਿਚ ਚੀਨੀ ਜੰਗੀ ਬੇੜਿਆਂ ਅਤੇ ਪਣਡੁੱਬੀਆਂ ਦੀ ਵੱਧਦੀ ਘੁਸਪੈਠ ਵਿਚਾਲੇ ਅਮਰੀਕਾ ਨਵੇਂ ਬੋਇੰਗ ਪੀ-8ਆਈ ਨਿਗਰਾਨੀ ਜਹਾਜ਼ਾਂ ਦਾ ਜੱਥਾ ਭਾਰਤ ਨੂੰ ਸੌਂਪਣ ਜਾ ਰਿਹਾ ਹੈ। ਇਹ ਜਹਾਜ਼ ਪਹਿਲਾਂ ਤੋਂ ਭਾਰਤੀ ਨੌ-ਸੈਨਾ ਵਿਚ ਮੌਜੂਦ ਬੇੜੇ ਵਿਚ ਸ਼ਾਮਲ ਹੋਣਗੇ।

ਇਨਾਂ ਨਵੇਂ ਪੀ-8ਆਈ ਜਹਾਜ਼ਾਂ ਨੂੰ ਕਈ ਨਵੀਆਂ ਤਕਨੀਕਾਂ ਅਤੇ ਹਥਿਆਰਾਂ ਨਾਲ ਲੈੱਸ ਕੀਤਾ ਗਿਆ ਹੈ। ਇਨਾਂ ਜਹਾਜ਼ਾਂ ਨੂੰ ਭਾਰਤ ਦੇ ਪੱਛਮੀ ਤੱਟ 'ਤੇ ਗੋਆ ਵਿਚ ਹੰਸਾ ਨੇਵਲ ਬੇਸ 'ਤੇ ਤਾਇਨਾਤ ਕੀਤਾ ਜਾਵੇਗਾ। ਮਾਹਿਰਾਂ ਦਾ ਆਖਣਾ ਹੈ ਕਿ ਇਨਾਂ ਜਹਾਜ਼ਾਂ ਦੇ ਆਉਣ ਨਾਲ ਭਾਰਤ ਹਿੰਦ ਮਹਾਸਾਗਰ ਅਤੇ ਅਰਬ ਸਾਗਰ ਵਿਚ ਚੀਨੀ ਅਤੇ ਪਾਕਿਸਤਾਨੀ ਪਣਡੁੱਬੀਆਂ ਅਤੇ ਜੰਗੀ ਬੇੜਿਆਂ ਦਾ ਆਸਾਨੀ ਨਾਲ ਖਾਤਮਾ ਕਰ ਸਕੇਗਾ। ਭਾਰਤ ਕੋਲ ਪਹਿਲਾਂ ਤੋਂ ਹੀ 8 ਪੀ-8ਆਈ ਜਹਾਜ਼ ਮੌਜੂਦ ਹਨ ਜਿਨ੍ਹਾਂ ਨੂੰ ਤਮਿਲਨਾਡੂ ਦੇ ਅਰੱਕੋਨਮ ਵਿਚ ਤਾਇਨਾਤ ਕੀਤਾ ਗਿਆ ਹੈ। ਆਧੁਨਿਕ ਰਡਾਰ ਨਾਲ ਲੈੱਸ ਇਹ ਜਹਾਜ਼ ਜ਼ਰੂਰਤ ਪੈਣ 'ਤੇ ਚੀਨੀ ਸਰਹੱਦ 'ਤੇ ਲੱਦਾਖ ਅਤੇ ਉੱਤਰ-ਪੂਰਬ ਵਿਚ ਵੀ ਭੇਜੇ ਜਾਂਦੇ ਹਨ।

ਜਾਣੋਂ, ਕਿਹੜੇ-ਕਿਹੜੇ ਹਥਿਆਰਾਂ ਨਾਲ ਲੈੱਸ ਹਨ ਅਮਰੀਕੀ ਸ਼ਿਕਾਰੀ
ਅਮਰੀਕਾ ਦੀ ਮਸ਼ਹੂਰ ਕੰਪਨੀ ਬੋਇੰਗ ਵੱਲੋਂ ਬਣਾਏ ਗਏ ਇਨਾਂ ਜਹਾਜ਼ਾਂ ਵਿਚ ਚਾਲਕ ਦਲ ਦੇ 3 ਮੈਂਬਰ ਅਤੇ ਇਕ ਨੌ-ਸੈਨਿਕ ਮਾਹਿਰ ਸ਼ਾਮਲ ਹੁੰਦਾ ਹੈ। ਇਨਾਂ ਜਹਾਜ਼ਾਂ ਨੂੰ ਸਬਮਰੀਨ ਦਾ ਸ਼ਿਕਾਰ ਕਰਨ ਲਈ ਮਾਰਕ-54 ਤਾਰਪੀਡੋ, ਮਾਰਕ-84 ਡੈਪਥ ਚਾਰਜ ਅਤੇ ਘਾਤਕ ਬੰਬਾਂ ਨਾਲ ਲੈੱਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਜਹਾਜ਼ ਵਿਚ ਏ. ਜੀ. ਐੱਮ.-84 ਹਾਰਪੂਨ ਐਂਟੀ ਸ਼ਿਪ ਮਿਜ਼ਾਈਲਾਂ ਵੀ ਲਾਈਆਂ ਗਈਆਂ ਹਨ। ਪੀ-8ਆਈ ਨੂੰ ਕੈਰੀਅਰ ਬੈਟਲ ਗਰੁੱਪ ਦੀ ਸੁਰੱਖਿਆ ਲਈ ਵੀ ਤਾਇਨਾਤ ਕੀਤਾ ਜਾ ਸਕਦਾ ਹੈ।

ਪੀ-8ਆਈ ਵਿਚ ਮੈਗਨੇਟਿਕ ਅਨੋਮਲੀ ਡਿਟੈਕਸ਼ਨ ਸਿਸਟਮ (ਮੈਡ) ਲੱਗਾ ਹੈ ਜੋ ਪਾਣੀ ਦੇ ਅੰਦਰ ਲੁਕੀਆਂ ਪਣਡੁੱਬੀਆਂ ਨੂੰ ਲੱਭਦਾ ਹੈ। ਇਸ ਤੋਂ ਇਲਾਵਾ ਪੀ-8ਆਈ ਵਿਚ ਕਈ ਅਜਿਹੇ ਰਡਾਰ ਲੱਗੇ ਹਨ ਜੋ ਲੰਬੀ ਦੂਰੀ ਤੱਕ ਨਜ਼ਰ ਰੱਖਣ ਅਤੇ ਜਾਸੂਸੀ ਕਰਨ ਵਿਚ ਸਮਰੱਥ ਹਨ। ਇਸ ਜਹਾਜ਼ ਦੀ ਰਫਤਾਰ 789 ਕਿ. ਮੀ. ਪ੍ਰਤੀ ਘੰਟਾ ਹੈ ਅਤੇ ਆਪਰੇਸ਼ਨਲ ਰੇਜ਼ 1200 ਮੀਲ ਹੈ। ਇਹ ਕਰੀਬ 40 ਹਜ਼ਾਰ ਫੁੱਟ ਦੀ ਉੱਚਾਈ 'ਕੇ ਉਡਾਣ ਭਰਦਾ ਹੈ।

ਹਿੰਦ ਮਹਾਸਾਗਰ, ਅਰਬ ਸਾਗਰ 'ਤੇ ਚੀਨ ਤੇ ਪਾਕਿ ਦੀ ਨਜ਼ਰ
ਪੀ-8ਆਈ ਜਹਾਜ਼ ਅਜਿਹੇ ਸਮੇਂ 'ਤੇ ਭਾਰਤ ਆ ਰਿਹਾ ਹੈ ਜਦ ਚੀਨ ਅਤੇ ਪਾਕਿਸਤਾਨ ਦੀਆਂ ਪਣਡੁੱਬੀਆਂ ਬਹੁਤ ਤੇਜ਼ੀ ਨਾਲ ਹਿੰਦ ਮਹਾਸਾਗਰ ਅਤੇ ਅਰਬ ਸਾਗਰ ਵਿਚ ਆਪਣੀ ਪਹੁੰਚ ਵਧਾ ਰਹੀਆਂ ਹਨ। ਚੀਨ ਸਮੁੰਦਰੀ ਲੁਟੇਰਿਆਂ ਦੇ ਨਾਂ 'ਤੇ ਹਿੰਦ ਮਹਾਸਾਗਰ ਵਿਚ ਬਹੁਤ ਤੇਜ਼ੀ ਨਾਲ ਆਪਣੀ ਪੱਕੜ ਬਣਾ ਰਿਹਾ ਹੈ। ਚੀਨੀ ਨੌ-ਸੈਨਾ ਨੇ ਮਿਆਂਮਾਰ, ਸ਼੍ਰੀਲੰਕਾ, ਪਾਕਿਸਤਾਨ, ਈਰਾਨ ਅਤੇ ਪੂਰਬੀ ਅਫਰੀਕਾ ਵਿਚ ਜ਼ਿਬੂਤੀ ਵਿਚ ਆਪਣੇ ਹਾਜ਼ਰੀ ਵਧਾ ਦਿੱਤੀ ਹੈ। ਇਹੀਂ ਨਹੀਂ ਚੀਨ ਪਾਕਿਸਤਾਨ ਦੇ ਗਵਾਦਰ ਵਿਚ ਵਿਸ਼ਾਲ ਨੇਵਲ ਬੇਸ ਬਣਾ ਰਿਹਾ ਹੈ।

ਚੀਨ-ਪਾਕਿ ਨੂੰ ਘੇਰਣ ਲਈ ਭਾਰਤ ਨੇ ਬਣਾਇਆ ਵੱਡਾ ਪਲਾਨ
ਭਾਰਤ ਦੀ ਘੇਰਾਬੰਦੀ ਵਿਚ ਲੱਗੇ ਚੀਨ ਅਤੇ ਪਾਕਿਸਤਾਨ ਖਿਲਾਫ ਭਾਰਤ ਨੇ ਵੀ ਆਪਣੀ ਜਵਾਬੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਭਾਰਤ ਨੇ ਫਰਾਂਸ ਦੇ ਨਾਲ ਰੱਖਿਆ ਸਮਝੌਤਾ ਕੀਤਾ ਹੈ। ਇਸ ਨਾਲ ਭਾਰਤ ਨੂੰ ਅਫਰੀਕਾ ਮਹਾਦੀਪ ਕੋਲ ਫਰਾਂਸ ਦੇ ਰਿਯੂਨੀਅਨ ਦੀਪ 'ਤੇ ਸਥਿਤ ਨੇਵਲ ਬੇਸ 'ਤੇ ਨਜ਼ਰ ਰੱਖ ਸਕਦਾ ਹੈ। ਗੋਆ ਵਿਚ ਇਨਾਂ ਜਹਾਜ਼ਾਂ ਦੀ ਤਾਇਨਾਤੀ ਨਾਲ ਹੁਣ ਭਾਰਤ ਪਾਕਿਸਤਾਨ, ਈਰਾਨ, ਸਾਊਦੀ ਅਰਬ ਅਤੇ ਉਸ ਨਾਲ ਲੱਗੇ ਸਮੁੰਦਰੀ ਇਲਾਕੇ 'ਤੇ ਆਪਣੀ ਨਜ਼ਰ ਰੱਖ ਸਕਦਾ ਹੈ।

ਇਸ ਤੋਂ ਇਲਾਵਾ ਭਾਰਤ ਨੇ ਆਸਟ੍ਰੇਲੀਆ ਦੇ ਨਾਲ ਸਮਝੌਤਾ ਕੀਤਾ ਹੈ। ਭਾਰਤ ਹੁਣ ਆਸਟ੍ਰੇਲੀਆ ਦੇ ਕੋਕੋਸ ਟਾਪੂ 'ਤੇ ਪੀ-8ਆਈ ਜਹਾਜ਼ ਨੂੰ ਉਤਾਰ ਸਕਦਾ ਹੈ। ਇਸ ਨਾਲ ਭਾਰਤ ਸੁੰਡਾ ਸਟ੍ਰੇਟ ਦੇ ਰਾਹ 'ਤੇ ਚੀਨ ਦੀ ਹਰ ਹਰਕਤ ਦਾ ਜਵਾਬ ਦੇ ਸਕਦਾ ਹੈ। ਭਾਰਤੀ ਜਹਾਜ਼ ਇਸ ਸਮੇਂ ਤਮਿਲਨਾਡੂ ਵਿਚ ਤਾਇਨਾਤ ਹਨ ਜਿਸ ਨਾਲ ਪੂਰੇ ਮਲੱਕਾ ਸਟ੍ਰੇਟ ਅਤੇ ਅੰਡੋਮਾਨ ਸਾਗਰ ਵਿਚ ਚੀਨੀ ਪਣਡੁੱਬੀਆਂ ਅਤੇ ਜੰਗੀ ਬੇੜਿਆਂ 'ਤੇ ਇੰਡੀਅਨ ਨੇਵੀ ਨਜ਼ਰ ਰੱਖ ਰਹੀ ਹੈ। ਕੁਝ ਸਮੇਂ ਪਹਿਲਾਂ ਹੀ ਭਾਰਤ ਨੇ ਚੀਨੀ ਜਹਾਜ਼ ਨੂੰ ਗਦੇੜ ਦਿੱਤਾ ਸੀ।


Khushdeep Jassi

Content Editor

Related News