ਪੂਜਾ ਖੇਡਕਰ ਹੁਣ ਟ੍ਰੇਨੀ IAS ਨਹੀਂ, UPSC ਨੇ ਰੱਦ ਕੀਤੀ ਸਿਲੈਕਸ਼ਨ

Thursday, Aug 01, 2024 - 10:36 AM (IST)

ਨਵੀਂ ਦਿੱਲੀ (ਇੰਟ.)- ਸਿਵਲ ਸੇਵਾ ’ਚ ਸਿਲੈਕਸ਼ਨ ਲਈ ਪਛਾਣ ਬਦਲਣ ਅਤੇ ਦਿਵਿਆਂਗਤਾ ਸਰਟੀਫਿਕੇਟ ਵਿਚ ਛੇੜਛਾੜ ਦੇ ਦੋਸ਼ਾਂ ’ਚ ਘਿਰੀ ਪੂਜਾ ਖੇਡਕਰ ਹੁਣ ਟ੍ਰੇਨੀ ਆਈ.ਏ.ਐੱਸ. ਨਹੀਂ ਰਹੀ ਹੈ। ਯੂ.ਪੀ.ਐੱਸ.ਸੀ. ਨੇ ਪੂਜਾ ਦੀ ਸਿਲੈਕਸ਼ਨ ਰੱਦ ਕਰ ਦਿੱਤੀ ਹੈ। ਉਹ ਭਵਿੱਖ ’ਚ ਕਿਸੇ ਪ੍ਰੀਖਿਆ ’ਚ ਵੀ ਨਹੀਂ ਬੈਠ ਸਕੇਗੀ। 2023 ਬੈਚ ਦੀ ਟ੍ਰੇਨੀ ਆਈ.ਏ.ਐੱਸ. ਅਧਿਕਾਰੀ ਪੂਜਾ ਖੇਡਕਰ ਖਿਲਾਫ ਯੂ.ਪੀ.ਐੱਸ.ਸੀ. ਨੇ ਪਛਾਣ ਬਦਲ ਕੇ ਤੈਅ ਹੱਦ ਤੋਂ ਜ਼ਿਆਦਾ ਵਾਰ ਸਿਵਲ ਸੇਵਾਵਾਂ ਦੀ ਪ੍ਰੀਖਿਆ ਦੇਣ ਦੇ ਮਾਮਲੇ ’ਚ ਐੱਫ.ਆਈ.ਆਰ. ਦਰਜ ਕਰਵਾਈ ਸੀ। ਯੂ.ਪੀ.ਐੱਸ.ਸੀ. ਨੇ ਪੂਜਾ ਨੂੰ ਨੋਟਿਸ ਜਾਰੀ ਕੀਤਾ ਸੀ ਅਤੇ ਸਿਲੈਕਸ਼ਨ ਰੱਦ ਕਰਨ ਸਬੰਧੀ ਉਸ ਤੋਂ ਜਵਾਬ ਵੀ ਮੰਗਿਆ ਸੀ। ਯੂ.ਪੀ.ਐੱਸ.ਸੀ. ਨੇ ਕਿਹਾ ਸੀ ਕਿ ਪੂਜਾ ਖ਼ਿਲਾਫ਼ ਜਾਂਚ ’ਚ ਪਾਇਆ ਗਿਆ ਕਿ ਉਸ ਨੇ ਆਪਣਾ ਨਾਂ, ਮਾਤਾ-ਪਿਤਾ ਦਾ ਨਾਂ, ਹਸਤਾਖਰ, ਫੋਟੋ, ਈ-ਮੇਲ ਆਈ. ਡੀ., ਮੋਬਾਈਲ ਨੰਬਰ ਅਤੇ ਪਤਾ ਬਦਲ ਕੇ ਯੂ.ਪੀ.ਐੱਸ. ਸੀ. ਦੀ ਪ੍ਰੀਖਿਆ ਦਿੱਤੀ। ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਪੂਜਾ ਖ਼ਿਲਾਫ਼ ਜਾਅਲਸਾਜ਼ੀ, ਧੋਖਾਦੇਹੀ, ਆਈ.ਟੀ. ਐਕਟ ਅਤੇ ਡਿਸਏਬਿਲਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ।

ਵਿਵਾਦ ਤੋਂ ਬਾਅਦ ਪੁਣੇ ਤੋਂ ਵਾਸ਼ਿਮ ਹੋਈ ਸੀ ਟਰਾਂਸਫਰ

ਪੂਜਾ ’ਤੇ ਟ੍ਰੇਨਿੰਗ ਦੌਰਾਨ ਅਹੁਦੇ ਦੀ ਗਲਤ ਵਰਤੋਂ ਅਤੇ ਖਰਾਬ ਵਿਵਹਾਰ ਕਰਨ ਦਾ ਦੋਸ਼ ਲੱਗਾ ਸੀ। ਸਭ ਤੋਂ ਪਹਿਲਾਂ ਪੁਣੇ ਦੇ ਜ਼ਿਲਾ ਕੁਲੈਕਟਰ ਸੁਹਾਸ ਦਿਵਾਸੇ ਨੇ ਪੂਜਾ ਦੇ ਖ਼ਿਲਾਫ਼ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਉਸ ਦੀ ਟਰਾਂਸਫਰ ਵਾਸ਼ਿਮ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਹੀ ਪੂਜਾ ’ਤੇ ਪਛਾਣ ਲੁਕਾਉਣ ਅਤੇ ਓ. ਬੀ. ਸੀ. ਅਤੇ ਦਿਵਿਆਂਗ ਕੋਟੇ ਦੀ ਦੁਰਵਰਤੋਂ ਕਰਨ ਦਾ ਦੋਸ਼ ਲੱਗਾ। 16 ਜੁਲਾਈ ਨੂੰ ਪੂਜਾ ਦੀ ਟ੍ਰੇਨਿੰਗ ਰੋਕ ਦਿੱਤੀ ਗਈ ਅਤੇ ਉਸ ਨੂੰ ਮਸੂਰੀ ਸਥਿਤ ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ਼ ਐਡਮਿਨਿਸਟ੍ਰੇਸ਼ਨ ’ਚ ਵਾਪਸ ਬੁਲਾ ਲਿਆ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News