ਟੋਲ ਟੈਕਸ ਮੰਗਣ ''ਤੇ ਹੋ ਗਿਆ ਹੰਗਾਮਾ, ਨੌਜਵਾਨਾਂ ਨੇ ਡੰਡਿਆਂ ਨਾਲ ਕੁੱਟੇ ਮੁਲਾਜ਼ਮ
Wednesday, Jan 01, 2025 - 02:30 PM (IST)
ਹਿਸਾਰ- ਟੋਲ ਟੈਕਸ ਦੀ ਮੰਗ ਨੂੰ ਲੈ ਕੇ ਟੋਲ ਪਲਾਜ਼ਾ 'ਤੇ ਨੌਜਵਾਨਾਂ ਨੇ ਹੰਗਾਮਾ ਕਰ ਦਿੱਤਾ। ਕਾਲੇ ਰੰਗ ਦੀ ਸਕਾਰਪੀਓ ਸਵਾਰ ਨੌਜਵਾਨਾਂ ਨੇ ਟੋਲ ਟੈਕਸ ਬੈਰੀਅਰ ਨੂੰ ਚੁੱਕਿਆ। ਜਦੋਂ ਟੋਲ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਗੱਡੀ ’ਚੋਂ ਡੰਡੇ ਕੱਢ ਕੇ ਟੋਲ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ। ਇਹ ਘਟਨਾ ਹਿਸਾਰ ਦੇ ਬਾਡੋਪੱਟੀ ਟੋਲ ਪਲਾਜ਼ਾ ਦੀ ਹੈ।
ਇਹ ਵੀ ਪੜ੍ਹੋ- ਮਨਾਲੀ ਘੁੰਮਣ ਵਾਲੇ ਕਰ ਲੈਣ ਤੌਬਾ; ਤਸਵੀਰਾਂ 'ਚ ਵੇਖ ਲਓ ਟ੍ਰੈਫਿਕ ਦਾ ਹਾਲ
ਜਾਣਕਾਰੀ ਮੁਤਾਬਕ ਇਹ ਘਟਨਾ ਰਾਤ ਕਰੀਬ 11:30 ਵਜੇ ਵਾਪਰੀ। ਹਿਸਾਰ ਤੋਂ ਚੰਡੀਗੜ੍ਹ ਨੈਸ਼ਨਲ ਹਾਈਵੇ ਨੰਬਰ-52 'ਤੇ ਹਿਸਾਰ ਬਰਵਾਲਾ ਵਿਚਾਲੇ ਬਾਡੋਪੱਟੀ ਟੋਲ ਪਲਾਜ਼ਾ 'ਤੇ ਸਕਾਰਪੀਓ ਸਵਾਰ ਅਣਪਛਾਤੇ ਨੌਜਵਾਨਾਂ ਨੇ ਟੋਲ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ ਅਤੇ ਧਮਕੀਆਂ ਦਿੰਦੇ ਹੋਏ ਕਿਹਾ ਕਿ ਸਾਡੀਆਂ ਗੱਡੀਆਂ ਬਿਨਾਂ ਆਰ.ਸੀ ਦੇ ਚੱਲੀਆਂ ਜਾਣਗੀਆਂ, ਤੁਸੀਂ ਜੋ ਕਰਨਾ ਹੈ ਕਰੋ ਅਤੇ ਜੇਕਰ ਭਵਿੱਖ ਵਿਚ ਸਾਡੇ ਤੋਂ ਟੋਲ ਮੰਗਿਆ ਗਿਆ ਤਾਂ ਇਹ ਚੰਗਾ ਨਹੀਂ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਜੁਗਲਾਨ ਦੇ ਰਹਿਣ ਵਾਲੇ ਹਨ। ਬਰਵਾਲਾ ਪੁਲਸ ਨੇ ਟੋਲ ਪਲਾਜ਼ਾ ਦੇ ਜੀ.ਐਮ ਵਾਮਨ ਰਾਠੌੜ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਟੋਲ 'ਤੇ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।
ਇਹ ਵੀ ਪੜ੍ਹੋ- ਨਵੇਂ ਸਾਲ ਮੌਕੇ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਪੁੱਤ ਨੇ ਮਾਂ ਅਤੇ 4 ਭੈਣਾਂ ਦਾ ਕੀਤਾ ਕਤਲ
ਇਹ ਸਾਰੀ ਘਟਨਾ ਟੋਲ 'ਤੇ ਲੱਗੇ CCTV ਕੈਮਰੇ 'ਚ ਕੈਦ
ਇਸ ਘਟਨਾ ਸਬੰਧੀ ਜੀ. ਐਮ. ਰਾਠੌੜ ਦਾ ਕਹਿਣਾ ਹੈ ਕਿ ਬਿਨਾਂ ਨੰਬਰ ਪਲੇਟ ਵਾਲੇ ਵਾਹਨ ਕਰੀਬ 11:23 ਵਜੇ ਟੋਲ ਪਲਾਜ਼ਾ 'ਤੇ ਪੁੱਜੇ, ਜਦੋਂ ਉਨ੍ਹਾਂ ਨੂੰ ਟੋਲ 'ਤੇ ਰੋਕਿਆ ਗਿਆ ਤਾਂ ਉਨ੍ਹਾਂ ਹੱਥਾਂ ਨਾਲ ਟੋਲ ਬੂਥ ਦਾ ਬੈਰੀਅਰ ਖੋਲ੍ਹ ਦਿੱਤਾ ਅਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਜੁਗਲਾਨ ਪਿੰਡ ਦੀਆਂ ਗੱਡੀਆਂ ਨੂੰ ਆਰਸੀ ਦਿਖਾਏ ਬਿਨਾਂ ਟੋਲ ਮੁਕਤ ਹੋਣ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਭਵਿੱਖ ਵਿਚ ਅਜਿਹਾ ਨਾ ਕੀਤਾ ਗਿਆ ਤਾਂ ਇਸ ਦੇ ਨਤੀਜੇ ਚੰਗੇ ਨਹੀਂ ਹੋਣਗੇ। ਇਸ ਘਟਨਾ ਨਾਲ ਟੋਲ ਪਲਾਜ਼ਾ 'ਤੇ ਕੰਮ ਕਰਦੇ ਮੁਲਾਜ਼ਮਾਂ ਅਤੇ ਆਮ ਲੋਕਾਂ 'ਚ ਡਰ ਦਾ ਮਾਹੌਲ ਬਣ ਗਿਆ ਹੈ।