ਯੂ. ਪੀ. ''ਚ  ਸਪਾ, ਬਸਪਾ, ਕਾਂਗਰਸ ਤੇ ਰਾਲੋਦ ''ਚ ਮਹਾਗਠਜੋੜ

Wednesday, Aug 01, 2018 - 09:42 AM (IST)

ਨਵੀਂ ਦਿੱਲੀ— 2019 ਦੀਆਂ ਲੋਕ ਸਭਾ ਚੋਣਾਂ 'ਚ ਮੋਦੀ ਦੀ ਅਗਵਾਈ ਵਾਲੀ ਭਾਜਪਾ ਨੂੰ ਹਰਾਉਣ ਲਈ ਸਭ ਵਿਰੋਧੀ ਪਾਰਟੀਆਂ ਇਕਮੁੱਠ ਹੋ ਰਹੀਆਂ ਹਨ। ਵੱਖ-ਵੱਖ ਸਿਆਸੀ ਪਾਰਟੀਆਂ ਵੱਖ-ਵੱਖ ਸੂਬਿਆਂ 'ਚ ਖੇਤਰੀ ਗਠਜੋੜ ਕਰ ਕੇ ਭਾਜਪਾ ਨੂੰ ਹਰਾਉਣ ਦੀ ਰਣਨੀਤੀ ਤਿਆਰ ਕਰ ਰਹੀਆਂ ਹਨ। ਇਸ ਸਬੰਧੀ ਦੇਸ਼ ਦੇ ਸਭ ਤੋਂ ਵੱਡੇ ਅਤੇ 80 ਲੋਕ ਸਭਾ ਸੀਟਾਂ ਵਾਲੇ ਸੂਬੇ ਉੱਤਰ ਪ੍ਰਦੇਸ਼ 'ਚ ਵੀ ਭਾਜਪਾ ਨੂੰ ਹਰਾਉਣ ਲਈ ਰਾਹੁਲ ਦੀ ਅਗਵਾਈ ਵਾਲੀ ਕਾਂਗਰਸ, ਮਾਇਆਵਤੀ ਦੀ  ਬਸਪਾ, ਅਖਿਲੇਸ਼ ਯਾਦਵ ਦੀ ਸਪਾ ਅਤੇ ਚੌਧਰੀ ਅਜਿਤ ਸਿੰਘ ਦੀ ਰਾਸ਼ਟਰੀ ਲੋਕ ਦਲ (ਰਾਲੋਦ) ਨੇ ਮਹਾਗਠਜੋੜ ਬਣਾ ਕੇ ਇਕੱਠਿਆਂ ਮਿਲ ਕੇ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ।
ਜਾਣਕਾਰੀ ਮੁਤਾਬਕ ਮੰਗਲਵਾਰ ਰਾਤ ਤੱਕ ਉਕਤ ਸਾਰੀਆਂ ਪਾਰਟੀਆਂ ਨੇ ਸੀਟਾਂ ਦੀ ਵੰਡ ਬਾਰੇ ਕੋਈ ਵੱਡਾ ਫੈਸਲਾ ਨਹੀਂ ਲਿਆ ਸੀ ਪਰ ਸੂਤਰ ਕਹਿੰਦੇ ਹਨ ਕਿ ਮਹਾਗਠਜੋੜ 'ਚ ਕਾਂਗਰਸ ਨੂੰ ਮੁਸ਼ਕਲ ਨਾਲ 8-9 ਸੀਟਾਂ ਹੀ ਮਿਲਣਗੀਆਂ। ਸਪਾ ਨੂੰ 30 ਅਤੇ ਬਸਪਾ ਨੂੰ 40 ਸੀਟਾਂ ਮਿਲਣ ਦੀ ਸੰਭਾਵਨਾ ਹੈ। ਰਾਸ਼ਟਰੀ ਲੋਕ ਦਲ ਨੂੰ 1-2 ਸੀਟਾਂ ਸਪਾ ਦੇ ਕੋਟੇ ਵਿਚੋਂ ਦਿੱਤੀਆਂ ਜਾਣਗੀਆਂ। ਸਿਆਸੀ ਖੇਤਰਾਂ 'ਚ ਹਮੇਸ਼ਾ ਇਹ ਗੱਲ ਕਹੀ ਜਾਂਦੀ ਰਹੀ ਹੈ ਕਿ ਦਿੱਲੀ ਦਾ ਰਾਹ ਉੱਤਰ ਪ੍ਰਦੇਸ਼ ਤੋਂ ਹੋ ਕੇ ਹੀ ਜਾਂਦਾ ਹੈ।
ਦੱਸਣਯੋਗ ਹੈ ਕਿ ਯੂ. ਪੀ. ਦੀਆਂ 80 ਸੀਟਾਂ ਵਿਚੋਂ ਜਿਹੜੀ ਪਾਰਟੀ ਵੱਧ ਸੀਟਾਂ ਜਿੱਤ ਲੈਂਦੀ ਹੈ, ਉਸਦਾ ਹੀ ਨੇਤਾ ਪ੍ਰਧਾਨ ਮੰਤਰੀ ਬਣਦਾ ਹੈ। 2014 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੇ ਇਕੱਲਿਆਂ  ਹੀ ਯੂ. ਪੀ. 'ਚ 71 ਸੀਟਾਂ ਜਿੱਤੀਆਂ ਸਨ। ਉਸ ਦੀਆਂ ਸਹਿਯੋਗੀ ਪਾਰਟੀਆਂ ਨੂੰ 2 ਸੀਟਾਂ ਮਿਲੀਆਂ ਸਨ। ਬਾਕੀ ਦੀਆਂ ਸੀਟਾਂ ਸਪਾ ਅਤੇ ਬਸਪਾ ਨੇ ਜਿੱਤੀਆਂ ਸਨ। ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਵਿਚ ਗੋਰਖਪੁਰ,  ਫੂਲਪੁਰ ਅਤੇ ਕੈਰਾਨਾ ਦੀਆਂ ਉਪ ਚੋਣਾਂ ਵਿਚ ਵਿਰੋਧੀ ਪਾਰਟੀਆਂ ਨੇ ਇਕਮੁੱਠ ਹੋ ਕੇ ਭਾਜਪਾ ਨੂੰ ਹਰਾ ਦਿੱਤਾ ਸੀ। ਸਭ ਤੋਂ ਵੱਡੀ ਹਾਰ ਗੋਰਖਪੁਰ ਵਿਚ ਹੋਈ ਸੀ, ਜਿਸ ਨੂੰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਪੱਕੀ ਸੀਟ ਮੰਨਿਆ ਜਾਂਦਾ ਸੀ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਉਕਤ ਮਹਾਗਠਜੋੜ ਭਾਜਪਾ ਨੂੰ ਚੁਣੌਤੀ ਦੇ ਸਕੇਗਾ ਜਾਂ ਨਹੀਂ।


Related News