ਹੁਣ ''ਜਾਗਦੇ ਰਹੋ'', ''ਜਾਗਦੇ ਰਹੋ'' ਕਹੇਗੀ ਯੂ. ਪੀ. ਪੁਲਸ

06/25/2019 1:35:23 PM

ਲਖਨਊ— ਅਕਸਰ ਰਾਤ ਸਮੇਂ ਚੌਕੀਦਾਰ ਗਲੀਆਂ 'ਚ ਘੁੰਮਦੇ, ਡੰਡੇ ਖੜਕਾਉਂਦੇ ਨਜ਼ਰ ਆਉਂਦੇ ਹਨ। ਚੌਕੀਦਾਰਾਂ ਵਲੋਂ ਗਲੀਆਂ 'ਚ ਘੁੰਮ ਕੇ ਘਰਾਂ ਦੀ ਚੌਕੀਦਾਰੀ ਕੀਤੀ ਜਾਂਦੀ ਹੈ, ਤਾਂ ਕਿ ਕਿਸੇ ਵੀ ਤਰ੍ਹਾਂ ਦੀ ਲੁੱਟ-ਖੋਹ ਜਾਂ ਚੋਰੀ ਦੀ ਵਾਰਦਾਤ ਤੋਂ ਬਚਿਆ ਜਾ ਸਕੇ। ਉੱਤਰ ਪ੍ਰਦੇਸ਼ 'ਚ ਹੁਣ ਸੜਕਾਂ 'ਤੇ ਚੌਕੀਦਾਰ ਨਹੀਂ ਸਗੋਂ ਕਿ ਪੁਲਸ ਲੋਕਾਂ ਨੂੰ 'ਜਾਗਦੇ ਰਹੋ' ਕਹਿੰਦੀ ਨਜ਼ਰ ਆਵੇਗੀ। ਅਪਰਾਧੀਆਂ 'ਚ ਡਰ ਅਤੇ ਆਮ ਜਨਤਾ ਨੂੰ ਸੁਰੱਖਿਆ ਦਾ ਅਹਿਸਾਸ ਦਿਵਾਉਣ ਲਈ ਉੱਤਰ ਪ੍ਰਦੇਸ਼ (ਯੂ. ਪੀ.) ਪੁਲਸ ਵਲੋਂ ਹੁਣ ਰਾਤ ਨੂੰ ਗਸ਼ਤ ਦੌਰਾਨ ਸਾਇਰਨ ਵੱਜੇਗਾ। ਇਸ ਪਹਿਲ ਨੂੰ ਟਰਾਇਲ ਦੇ ਤੌਰ 'ਤੇ ਲਖਨਊ ਦੇ ਹਜ਼ਰਤਗੰਜ ਖੇਤਰ ਵਿਚ ਲਾਗੂ ਕੀਤਾ ਗਿਆ ਹੈ। ਸਫਲ ਹੋਣ 'ਤੇ ਪੂਰੇ ਸ਼ਹਿਰ ਵਿਚ ਇਸ ਨੂੰ ਲਾਗੂ ਕੀਤਾ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਟਰਾਇਲ ਦੇ ਰੂਪ ਵਿਚ ਹਜ਼ਰਤਗੰਜ 'ਚ ਸਾਰੀਆਂ ਗੱਡੀਆਂ 'ਤੇ 'ਜਾਗਦੇ ਰਹੋ' ਦੇ ਸਾਇਰਨ ਲੱਗ ਗਏ ਹਨ। ਲਖਨਊ ਪੁਲਸ ਨੇ ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਇਸ ਨੂੰ ਸ਼ੁਰੂ ਕੀਤਾ ਹੈ। ਲਖਨਊ ਦੀਆਂ '100 ਡਾਇਲ' ਦੀਆਂ ਗੱਡੀਆਂ 'ਚ ਰਾਤ ਦੇ ਸਮੇਂ 'ਜਾਗਦੋ ਰਹੋ' ਦਾ ਸਾਇਰਨ ਵੱਜੇਗਾ। ਓਧਰ ਯੂ. ਪੀ. ਪੁਲਸ ਦਾ ਮੰਨਣਾ ਹੈ ਕਿ ਨਵੇਂ ਸਾਇਰਨ ਦੀ ਪਹਿਲ ਨਾਲ ਅਪਰਾਧਾਂ 'ਤੇ ਕੁਝ ਲਗਾਮ ਜ਼ਰੂਰ ਲੱਗੇਗੀ।'

PunjabKesari

ਪ੍ਰਦੇਸ਼ ਦੇ ਡੀ. ਜੀ. ਪੀ. ਓਪੀ ਸਿੰਘ ਨੇ ਕਿਹਾ ਕਿ ਅਸੀਂ ਅਪਰਾਧ ਦੇ ਗਰਾਫ ਨੂੰ ਬਹੁਤ ਹੱਦ ਤਕ ਕੰਟਰੋਲ ਕੀਤਾ ਹੈ। ਅਸੀਂ ਲੋਕਾਂ ਦੇ ਮਨਾਂ ਵਿਚ ਪੁਲਸ ਦਾ ਚੰਗਾ ਅਕਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਨਵੀਂ ਪਹਿਲ ਕਰ ਰਹੇ ਹਾਂ, ਇਹ ਉਨ੍ਹਾਂ 'ਚੋਂ ਇਕ ਹੈ। ਇੱਥੇ ਦੱਸ ਦੇਈਏ ਕਿ ਯੋਗੀ ਸਰਕਾਰ ਦੀ ਤਮਾਮ ਸਖਤੀ ਦੇ ਬਾਵਜੂਦ ਉੱਤਰ ਪ੍ਰਦੇਸ਼ ਵਿਚ ਔਰਤਾਂ ਅਤੇ ਬੱਚੀਆਂ ਨਾਲ ਅਪਰਾਧ ਦਾ ਗਰਾਫ ਵਧਿਆ ਹੈ। ਇਸੇ ਲਈ ਪੁਲਸ ਇਸ ਪ੍ਰਾਜੈਕਟ ਨੂੰ ਸ਼ੁਰੂ ਕਰ ਰਹੀ ਹੈ। ਉੱਥੇ ਹੀ ਆਮ ਲੋਕਾਂ ਦਾ ਕਹਿਣਾ ਹੈ ਕਿ ਇਹ ਇਕ ਚੰਗੀ ਮੁਹਿੰਮ ਹੈ ਅਤੇ ਲੋਕ ਚੌਕੰਨੇ ਰਹਿਣਗੇ।


Tanu

Content Editor

Related News