ਆਨਰ ਕਿਲਿੰਗ : ਪਹਿਲਾਂ ਭੈਣ ਅਤੇ ਪ੍ਰੇਮੀ ਦਾ ਬੇਰਹਿਮੀ ਨਾਲ ਕੀਤਾ ਕਤਲ, ਫਿਰ ਥਾਣੇ ਜਾ ਕੀਤਾ ਸਰੰਡਰ
Sunday, Nov 06, 2022 - 04:01 PM (IST)
ਫਰੂਖਾਬਾਦ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਜ਼ਿਲ੍ਹੇ ਦੇ ਕਮਾਲਗੰਜ ਥਾਣਾ ਖੇਤਰ 'ਚ ਐਤਵਾਰ ਸਵੇਰੇ ਆਨਰ ਕਿਲਿੰਗ ਦੇ ਇਕ ਮਾਮਲੇ 'ਚ ਪ੍ਰੇਮੀ ਜੋੜੇ ਦਾ ਤੇਜ਼ਧਾਰ ਹਥਿਆਰਾਂ ਨਾਲ ਗਲ਼ਾ ਵੱਢ ਕੇ ਕਤਲ ਕਰ ਦਿੱਤਾ ਗਿਆ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਘਟਨਾ ਤੋਂ ਬਾਅਦ ਕੁੜੀ ਦਾ ਭਰਾ ਥਾਣੇ ਗਿਆ ਅਤੇ ਆਤਮ ਸਮਰਪਣ ਕਰ ਦਿੱਤਾ। ਪੁਲਸ ਸੁਪਰਡੈਂਟ ਅਸ਼ੋਕ ਕੁਮਾਰ ਮੀਨਾ ਨੇ ਦੱਸਿਆ ਕਿ ਕਮਾਲਗੰਜ ਥਾਣਾ ਖੇਤਰ ਦੇ ਰਾਜੇਪੁਰ ਸਰਾਇਮੇਡਾ ਪਿੰਡ ਵਾਸੀ ਮਹਾਵੀਰ ਜਾਟਵ ਦੇ 25 ਸਾਲਾ ਪੁੱਤਰ ਰਾਮਕਰਨ ਅਤੇ ਉਸ ਦੇ ਗੁਆਂਢ ਦੀ ਰਹਿਣ ਵਾਲੀ ਸ਼ਿਵਾਨੀ (23) ਵਿਚਕਾਰ ਪ੍ਰੇਮ ਸਬੰਧ ਸਨ। ਇਹ ਗੱਲ ਸ਼ਿਵਾਨੀ ਦੇ ਪਰਿਵਾਰ ਨੂੰ ਪਰੇਸ਼ਾਨ ਕਰ ਰਹੀ ਸੀ।
ਇਹ ਵੀ ਪੜ੍ਹੋ : ਸਕੂਲ 'ਚ ਸਜ਼ਾ ਮਿਲਣ ਤੋਂ ਬਾਅਦ 9 ਸਾਲਾ ਬੱਚੀ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼
ਮੀਣਾ ਅਨੁਸਾਰ, ਸ਼ਨੀਵਾਰ ਰਾਤ ਸ਼ਿਵਾਨੀ ਦੇ ਪਰਿਵਾਰ ਨੇ ਇਕ ਬਾਗ਼ 'ਚ ਪ੍ਰੇਮੀ ਜੋੜੇ ਨਾਲ ਕੁੱਟਮਾਰ ਕੀਤੀ ਅਤੇ ਤੇਜ਼ਧਾਰ ਹਥਿਆਰ ਨਾਲ ਗਲ਼ਾ ਵੱਢ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਮੀਣਾ ਅਨੁਸਾਰ, ਸ਼ਿਵਾਨੀ ਦਾ ਭਰਾ ਨੀਤੂ ਦੇਰ ਰਾਤ 3 ਵਜੇ ਥਾਣੇ ਪਹੁੰਚਿਆ ਅਤੇ ਪੁਲਸ ਨੂੰ ਦੱਸਿਆ ਕਿ ਉਸ ਨੇ ਆਪਣੀ ਭੈਣ ਅਤੇ ਉਸ ਦੇ ਪ੍ਰੇਮੀ ਦਾ ਗਲ਼ਾ ਵੱਢ ਕੇ ਕਤਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ 'ਤੇ ਪੁਲਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਅਤੇ ਦੋਵੇਂ ਲਾਸ਼ਾਂ ਇਕ ਨਾਲੇ 'ਚੋਂ ਬਰਾਮਦ ਕੀਤੀਆਂ। ਮੀਣਾ ਅਨੁਸਾਰ, ਮ੍ਰਿਤਕ ਰਾਮਕਰਨ ਦੇ ਪਿਤਾ ਮਹਾਵੀਰ ਜਾਟਵ ਨੇ ਨਾਮਜ਼ਦ ਦੋਸ਼ੀਆਂ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਇਸ ਮਾਮਲੇ 'ਚ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ਾਂ ਪੋਸਟਮਾਰਟਮ ਲਈ ਭੇਜੀਆਂ ਗਈਆਂ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ