ਆਤਮ-ਨਿਰਭਰ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਦੀ ਸਮਰੱਥਾ ਯੂ. ਪੀ. ’ਚ : ਗਡਕਰੀ
Sunday, Feb 12, 2023 - 12:00 PM (IST)
ਲਖਨਊ (ਭਾਸ਼ਾ)- ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ, ਜਹਾਜ਼ਰਾਨੀ ਮੰਤਰੀ ਨਿਤਿਨ ਗਡਕਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਤਮ-ਨਿਰਭਰ ਭਾਰਤ ਬਣਾਉਣ ਦਾ ਜੋ ਸੁਪਨਾ ਹੈ, ਉਸ ਨੂੰ ਪੂਰਾ ਕਰਨ ’ਚ ਸਭ ਤੋਂ ਵੱਦ ਸਮਰੱਥਾ ਕਿਸੇ ਸੂਬੇ ’ਚ ਹੈ ਤਾਂ ਉਹ ਯੂ. ਪੀ. ’ਚ ਹੈ। ਕੇਂਦਰੀ ਮੰਤਰੀ ਗਡਕਰੀ ਨੇ ਤਿੰਨ ਰੋਜ਼ਾ ਉੱਤਰ ਪ੍ਰਦੇਸ਼ ਗਲੋਬਲ ਨਿਵੇਸ਼ਕ ਸਿਖਰ ਸੰਮੇਲਨ-2023 ਦੇ ਦੂਜੇ ਦਿਨ ਇਕ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ 16 ਲੱਖ ਕਰੋੜ ਰੁਪਏ ਦਾ ਪੈਟਰੋਲ, ਡੀਜ਼ਲ ਅਤੇ ਗੈਸ ਦਰਾਮਦ ਕਰਦੇ ਹਾਂ ਅਤੇ ਇਸ ਕਾਰਨ ਸਾਡੀ ਅਰਥ-ਵਿਵਸਥਾ ਤੋਂ 16 ਲੱਖ ਕਰੋੜ ਰੁਪਏ ਬਾਹਰ ਜਾ ਰਹੇ ਹਨ।
ਗਡਕਰੀ ਨੇ ਕਿਹਾ ਕਿ ਹੁਣ ਸਾਨੂੰ ਊਰਜਾ ਦਾ ਆਯਾਤ ਕਰਨ ਵਾਲੇ ਨਹੀਂ ਸਗੋਂ ਊਰਜਾ ਦਾ ਨਿਰਯਾਤ ਕਰਨ ਵਾਲਾ ਦੇਸ਼ ਬਣਾਉਣਾ ਹੈ। ਇਹ ਸਾਡੇ ਪ੍ਰਧਾਨ ਮੰਤਰੀ ਜੀ ਦਾ ਆਤਮ-ਨਿਰਭਰ ਭਾਰਤ ਬਣਾਉਣ ਦਾ ਸੁਪਨਾ ਹੈ। ਇਸ ਸੁਪਨੇ ਨੂੰ ਪੂਰਾ ਕਰਨ ਦੀ ਸਭ ਤੋਂ ਵੱਧ ਸਮਰੱਥਾ ਜੇਕਰ ਕਿਸੇ ਸੂਬੇ ’ਚ ਹੈ, ਤਾਂ ਉਹ ਉੱਤਰ ਪ੍ਰਦੇਸ਼ ’ਚ ਹੈ ਅਤੇ ਯੋਗੀ ਜੀ ਦੀ ਅਗਵਾਈ ’ਚ ਇਹ ਸੁਪਨਾ ਜ਼ਰੂਰ ਪੂਰਾ ਹੋਵੇਗਾ। ਨਿਵੇਸ਼ਕ ਸੰਮੇਲਨ ਲਈ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਸ਼ਲਾਘਾ ਕਰਦੇ ਹੋਏ ਗਡਕਰੀ ਨੇ ਕਿਹਾ ਕਿ ਪਹਿਲੀ ਵਾਰ ਉਦਯੋਗਿਕ ਵਿਕਾਸ, ਖੇਤੀ ਵਿਕਾਸ ਦਾ ਵਿਚਾਰ ਕਰ ਕੇ ਕਾਫੀ ਵੱਡਾ ਨਿਵੇਸ਼ ਦੇਸ਼ ਦੇ ਇਤਿਹਾਸ ’ਚ ਯੂ. ਪੀ. ’ਚ ਲਿਆਉਣ ਦਾ ਕੰਮ ਯੋਗੀ ਆਦਿਤਿਆਨਾਥ ਨੇ ਕੀਤਾ ਅਤੇ ਉਨ੍ਹਾਂ ਦਾ ਦ੍ਰਿਸ਼ਟੀਕੋਣ ਯੂ. ਪੀ. ਦੀ ਤਸਵੀਰ ਨੂੰ ਬਦਲ ਦੇਵੇਗਾ।