ਦਿਲ ਨੂੰ ਝੰਜੋੜ ਦੇਣ ਵਾਲੀ ਤਸਵੀਰ; ਸਸਕਾਰ ਲਈ ਸਾਈਕਲ ’ਤੇ ਪਤਨੀ ਦੀ ਲਾਸ਼ ਰੱਖ ਭਟਕਦਾ ਰਿਹਾ ਬਜ਼ੁਰਗ

Thursday, Apr 29, 2021 - 01:46 PM (IST)

ਜੌਨੁਪੁਰ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਵਿਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਕੋਵਿਡ-19 ਕਾਰਨ ਦਮ ਤੋੜ ਵਾਲੀ ਆਪਣੀ ਪਤਨੀ ਦਾ ਪਿੰਡ ਵਾਸੀਆਂ ਵਲੋਂ ਅੰਤਿਮ ਸੰਸਕਾਰ ਕਰਨ ਤੋਂ ਮਨਾ ਕੀਤੇ ਜਾਣ ਦੇ ਚੱਲਦੇ ਇਕ ਬਜ਼ੁਰਗ ਨੂੰ ਲਾਸ਼ ਮਜ਼ਬੂਰਨ ਸਾਈਕਲ ’ਤੇ ਲੱਦ ਕੇ ਲੈ ਜਾਣੀ ਪਈ।  ਸੋਸ਼ਲ ਮੀਡੀਆ ’ਤੇ ਘਟਨਾ ਦੀ ਦਿਲ ਨੂੰ ਝੰਜੋੜ ਵਾਲੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਕ ਤਸਵੀਰ ’ਚ ਬਜ਼ੁਰਗ ਵਿਅਕਤੀ ਸਾਈਕਲ ’ਤੇ ਆਪਣੀ ਪਤਨੀ ਦੀ ਲਾਸ਼ ਲੈ ਕੇ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ, ਜੋ ਕਿ ਰਾਹ ’ਚ ਡਿੱਗ ਗਿਆ। ਇਕ ਹੋਰ ਤਸਵੀਰ ਵਿਚ ਬੀਬੀ ਦੀ ਲਾਸ਼ ਵਿਚਾਲੇ ਸੜਕ ’ਤੇ ਪਈ ਹੋਈ ਹੈ ਅਤੇ ਬਜ਼ੁਰਗ ਵਿਅਕਤੀ ਸੜਕ ਦੇ ਕੰਢੇ ਸਿਰ ਫੜ ਕੇ ਬੈਠਾ ਹੋਇਆ ਨਜ਼ਰ ਆ ਰਿਹਾ ਹੈ। 

PunjabKesari

ਦਿਲ ਨੂੰ ਝੰਜੋੜ ਦੇਣ ਵਾਲਿਆਂ ਤਸਵੀਰਾਂ ਵਾਇਰਲ ਹੋਣ ਮਗਰੋਂ ਪੁਲਸ ਨੇ ਬਜ਼ੁਰਗ ਦੀ ਮਦਦ ਕੀਤੀ ਅਤੇ ਲਾਸ਼ ਨੂੰ ਸ਼ਮਸ਼ਾਨਘਾਟ ਪਹੁੰਚਾ ਕੇ ਉਸ ਦਾ ਅੰਤਿਮ ਸੰਸਕਾਰ ਕਰਵਾਇਆ। ਪੁਲਸ ਸੂਤਰਾਂ ਨੇ ਦੱਸਿਆ ਕਿ ਇਹ ਵਾਕਿਆ ਮੜੀਯਾਹੂ ਥਾਣਾ ਖੇਤਰ ਦੇ ਅਕਬਰਪੁਰ ਪਿੰਡ ਵਿਚ ਸਾਹਮਣੇ ਆਇਆ, ਜਿੱਥੇ 70 ਸਾਲਾ ਬਜ਼ੁਰਗ ਤਿਲਕਧਾਰੀ ਦੀ ਪਤਨੀ ਦੀ ਬੀਤੀ 26 ਅਪ੍ਰੈਲ ਨੂੰ ਜ਼ਿਲ੍ਹਾ ਹਸਪਤਾਲ ’ਚ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ। ਉਸ ਦੀ ਲਾਸ਼ ਨੂੰ ਐਂਬੂਲੈਂਸ ਤੋਂ ਉਸ ਦੇ ਪਿੰਡ ਭੇਜਿਆ ਗਿਆ ਸੀ।

PunjabKesari

ਥਾਣਾ ਮੁਖੀ ਮੁੰਨਾਲਾਲ ਨੇ ਦੱਸਿਆ ਕਿ ਜਿਵੇਂ ਹੀ ਤਿਲਕਧਾਰੀ ਦੀ ਪਤੀ ਦੀ ਲਾਸ਼ ਪਿੰਡ ’ਚ ਪਹੁੰਚੀ ਤਾਂ ਪਿੰਡ ਵਾਸੀਆਂ ਨੇ ਕੋਰੋਨਾ ਵਾਇਰਸ ਦੇ ਡਰ ਤੋਂ ਉਸ ਦਾ ਅੰਤਿਮ ਸੰਸਕਾਰ ਕਰਨ ਤੋਂ ਮਨਾ ਕਰ ਦਿੱਤਾ। ਇਸ ਤੋਂ ਬਾਅਦ ਤਿਲਕਧਾਰੀ ਨੇ ਖੁਦ ਹੀ ਅੰਤਿਮ ਸੰਸਕਾਰ ਦਾ ਮਨ ਬਣਾਇਆ ਅਤੇ ਪਤਨੀ ਦੀ ਲਾਸ਼ ਨੂੰ ਸਾਈਕਲ ’ਤੇ ਰੱਖ ਕੇ ਸ਼ਮਸ਼ਾਨਘਾਟ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਪਰ ਸਾਈਕਲ ’ਤੇ ਲਾਸ਼ ਲੈ ਕੇ ਜਾਣਾ ਸੰਭਵ ਨਹੀਂ ਸੀ ਅਤੇ ਸੰਤੁਲਨ ਵਿਗੜਨ ਦੀ ਵਜ੍ਹਾ ਕਰ ਕੇ ਲਾਸ਼ ਰਾਹ ’ਚ ਹੀ ਡਿੱਗ ਗਈ। ਥਾਣਾ ਮੁਖੀ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਸ ਤੁਰੰਤ ਮੌਕੇ ’ਤੇ ਪੁੱਜੀ ਅਤੇ ਜੌਨਪੁਰ ਦੇ ਰਾਮਘਾਟ ’ਚ ਲਾਸ਼ ਦਾ ਅੰਤਿਮ ਸੰਸਕਾਰ ਕਰਵਾਇਆ। 


Tanu

Content Editor

Related News