ਉੱਤਰ ਪ੍ਰਦੇਸ਼ : ਪੁਲਸ ਨਾਲ ਮੁਕਾਬਲੇ ''ਚ ਇਕ ਲੱਖ ਦਾ ਇਨਾਮੀ ਬਦਮਾਸ਼ ਢੇਰ
Saturday, Oct 01, 2022 - 03:23 PM (IST)
ਜੌਨਪੁਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਦੇ ਬਦਲਾਪੁਰ ਥਾਣਾ ਖੇਤਰ ਦੇ ਅਧੀਨ ਪੈਂਦੇ ਦੇਵਰੀਆ ਪਿੰਡ ਨੇੜੇ ਸ਼ੁੱਕਰਵਾਰ ਦੇਰ ਰਾਤ ਪੁਲਸ ਮੁਕਾਬਲੇ 'ਚ ਇਕ ਲੱਖ ਰੁਪਏ ਦਾ ਇਨਾਮੀ ਬਦਮਾਸ਼ ਮਾਰਿਆ ਗਿਆ। ਇਕ ਪੁਲਸ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਾਰੇ ਗਏ ਬਦਮਾਸ਼ ਖ਼ਿਲਾਫ਼ ਲੁੱਟ-ਖੋਹ, ਕਤਲ, ਡਕੈਤੀ ਸਮੇਤ ਵੱਖ-ਵੱਖ ਅਪਰਾਧਾਂ 'ਚ 2 ਦਰਜਨ ਤੋਂ ਵਧ ਕੇਸ ਦਰਜ ਹਨ। ਸੀਨੀਅਰ ਪੁਲਸ ਸੁਪਰਡੈਂਟ ਅਜੇ ਸਾਹਨੀ ਅਨੁਸਾਰ ਪੁਲਸ ਮੁਕਾਬਲੇ 'ਚ ਮਾਰੇ ਗਏ ਅਪਰਾਧੀ ਵਿਨੋਦ ਸਿੰਘ ਦੀ ਕਾਫ਼ੀ ਸਮੇਂ ਤੋਂ ਭਾਲ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ 'ਚ ਕਾਂਸਟੇਬਲ ਅਜੈ ਸਿੰਘ ਵੀ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ : ਦਿੱਲੀ 'ਚ ਇਕ ਸ਼ਖ਼ਸ ਨੇ 9 ਸਾਲਾ ਧੀ ਦੇ ਸਾਹਮਣੇ ਪਤਨੀ ਦਾ ਚਾਕੂ ਮਾਰ ਕੀਤਾ ਕਤਲ
ਸਾਹਨੀ ਅਨੁਸਾਰ ਮਾਰੇ ਗਏ ਬਦਮਾਸ਼ ਵਿਨੋਦ ਸਿੰਘ ਦੀ ਉਮਰ 40 ਸਾਲ ਦੇ ਕਰੀਬ ਸੀ ਅਤੇ ਉਹ ਜੌਨਪੁਰ ਦੇ ਸਰਪਟਹਾਨ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਚਿਤਮਪੱਤੀ ਦਾ ਰਹਿਣ ਵਾਲਾ ਸੀ। ਉਸ ਨੇ ਦੱਸਿਆ ਕਿ ਵਿਨੋਦ ਸਿੰਘ ਜੌਨਪੁਰ ਤੋਂ ਇਲਾਵਾ ਪੂਰਵਾਂਚਲ ਦੇ ਹੋਰ ਵੀ ਕਈ ਜ਼ਿਲ੍ਹਿਆਂ 'ਚ ਸਰਗਰਮ ਸੀ ਅਤੇ ਲੁੱਟ-ਖੋਹ, ਕਤਲ ਅਤੇ ਡਕੈਤੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਸਾਹਨੀ ਅਨੁਸਾਰ ਵਿਨੋਦ ਸਿੰਘ ਦੇ ਕਬਜ਼ੇ 'ਚੋਂ ਇਕ 9 ਐੱਮ.ਐੱਮ. ਦੀ ਮਿੰਨੀ ਕਾਰਬਾਈਨ ਅਤੇ 32 ਬੋਰ ਦਾ ਪਿਸਤੌਲ ਸਮੇਤ ਵੱਡੀ ਮਾਤਰਾ 'ਚ ਜ਼ਿੰਦਾ ਅਤੇ ਖੋਖਲ੍ਹਾ ਕਾਰਤੂਸ ਅਤੇ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਵਿਨੋਦ ਸਿੰਘ ਸਰਪਟਹਾਨ ਥਾਣੇ ਦਾ ਵਾਂਟਿਡ ਹਿਸਟਰੀ ਸ਼ੀਟਰ ਸੀ। ਉਸ ਖ਼ਿਲਾਫ਼ ਵੱਖ-ਵੱਖ ਜ਼ਿਲ੍ਹਿਆਂ 'ਚ ਕਤਲ ਅਤੇ ਡਕੈਤੀ ਦੇ ਦਰਜਨਾਂ ਮੁਕੱਦਮੇ ਦਰਜ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ