ਉੱਤਰ ਪ੍ਰਦੇਸ਼ : SUV ਪਲਟਣ ਨਾਲ 2 ਅਧਿਆਪਕਾਂ ਸਮੇਤ 5 ਲੋਕਾਂ ਦੀ ਮੌਤ
Tuesday, Nov 22, 2022 - 01:11 PM (IST)
ਲਖੀਮਪੁਰ ਖੀਰੀ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਪਲੀਆ ਥਾਣਾ ਖੇਤਰ 'ਚ ਮੰਗਲਵਾਰ ਸਵੇਰੇ ਇਕ ਐੱਸ.ਯੂ.ਵੀ. ਦੇ ਸੜਕ ਕਿਨਾਰੇ ਖੱਡ 'ਚ ਪਲਟ ਗਈ। ਇਸ ਹਾਦਸੇ 'ਚ ਸਰਕਾਰੀ ਸਕੂਲ ਦੇ 2 ਅਧਿਆਪਕਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 6 ਹੋਰ ਜ਼ਖ਼ਮੀ ਹੋ ਗਏ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਐੱਸ.ਯੂ.ਵੀ. ਸ਼ਾਹਜਹਾਂਪੁਰ ਤੋਂ ਪਲੀਆ ਜਾ ਰਹੀ ਸੀ ਅਤੇ ਇਸ 'ਚ ਕਰੀਬ 12 ਲੋਕ ਸਵਾਰ ਸਨ। ਰਸਤੇ 'ਚ ਇਹ ਪਲੀਆ ਕੋਤਵਾਲੀ ਖੇਤਰ ਦੇ ਅਧੀਨ ਆਉਣ ਵਾਲੇ ਪਲੀਆ ਕਸਬੇ ਤੋਂ ਲਗਭਗ 2 ਕਿਲੋਮੀਟਰ ਦੂਰ ਅਟਰੀਆ ਪਿੰਡ ਕੋਲ ਹਾਦਸੇ ਦਾ ਸ਼ਿਕਾਰ ਹੋ ਗਈ।
ਪਲੀਆ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਪ੍ਰਮੋਦ ਕੁਮਾਰ ਮਿਸ਼ਰਾ ਨੂੰ ਦੱਸਿਆ ਕਿ ਸੜਕ 'ਤੇ ਮੌਜੂਦ ਇਕ ਖੱਡ ਕਾਰਨ ਐੱਸ.ਯੂ.ਵੀ. ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ, ਜਿਸ ਨਾਲ ਵਾਹਨ ਸੜਕ ਕਿਨਾਰੇ ਖੱਡ 'ਚ ਪਲਟ ਗਿਆ ਅਤੇ ਉਸ 'ਚ ਸਵਾਰ 5 ਲੋਕਾਂ ਦੀ ਮੌਤ ਹੋ ਗਈ। ਮਿਸ਼ਰਾ ਅਨੁਸਾਰ, ਹਾਦਸੇ ਦੀ ਸੂਚਨਾ ਮਿਲਦੇ ਹੀ ਉਹ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚ ਅਤੇ ਬਚਾਅ ਮੁਹਿੰਮ ਚਲਾਈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਦੀ ਮਦਦ ਲਈ ਗੁਆਂਢ ਦੇ ਅਟਰੀਆ ਪਿੰਡ ਦੇ ਪਿੰਡ ਵਾਸੀ ਅਤੇ ਸੜਕ 'ਤੇ ਮੌਜੂਦ ਲੋਕ ਵੀ ਆ ਗਏ। ਮਿਸ਼ਰਾ ਅਨੁਸਾਰ, ਮ੍ਰਿਤਕਾਂ 'ਚ 2 ਅਧਿਆਪਕ ਸ਼ਾਮਲ ਹਨ, ਜਿਨ੍ਹਾਂ ਦੀ ਪਛਾਣ ਪਲੀਆ ਬਲਾਕ ਦੇ ਫਰਸਾਹੀਆ ਪ੍ਰਾਇਮਰੀ ਸਕੂਲ 'ਚ ਤਾਇਨਾਤ ਰਾਮਪੁਰ ਜ਼ਿਲ੍ਹੇ ਦੇ ਉਮੇਸ਼ ਗੰਗਵਾਰ (30) ਅਤੇ ਹਿੰਮਤਨਗਰ ਸਕੂਲ 'ਚ ਤਾਇਨਾਤ ਹਰਨਾਮ ਸਿੰਘ (32) ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 2 ਹੋਰ ਮ੍ਰਿਤਕਾਂ ਦੀ ਪਛਾਣ ਰਾਜ ਕਿਸ਼ੋਰ (54) ਅਤੇ ਵਿਨੇ (25) ਵਜੋਂ ਕੀਤੀ ਗਈ ਹੈ, ਜਦੋਂ ਕਿ ਇਕ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਪੁਲਸ ਅਨੁਸਾਰ, ਸਾਰੇ ਜ਼ਖ਼ਮੀਆਂ ਨੂੰ ਸਥਾਨਾਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।