12 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਦੇ ਦੋਸ਼ੀ ''ਤੇ ਯੋਗੀ ਸਰਕਾਰ ਦਾ ਵੱਡਾ ਐਕਸ਼ਨ, ਢਾਹ ਦਿੱਤੀ ਬੇਕਰੀ

Saturday, Aug 03, 2024 - 03:52 PM (IST)

ਅਯੁੱਧਿਆ (ਭਾਸ਼ਾ)- ਅਯੁੱਧਿਆ ਜ਼ਿਲ੍ਹਾ ਪ੍ਰਸ਼ਾਸਨ ਨੇ 12 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਦੇ ਦੋਸ਼ੀ ਮੋਈਦ ਖਾਨ ਦੀ ਬੇਕਰੀ ਸ਼ਨੀਵਾਰ ਨੂੰ ਢਾਹ ਦਿੱਤੀ। ਅਯੁੱਧਿਆ ਦੇ ਜ਼ਿਲ੍ਹਾ ਮੈਜਿਸਟਰੇਟ ਚੰਦਰ ਵਿਜੇ ਸਿੰਘ ਨੇ ਦੱਸਿਆ,"ਮੋਈਦ ਖਾਨ ਦੀ ਬੇਕਰੀ ਨੂੰ ਢਾਹ ਦਿੱਤਾ ਗਿਆ ਹੈ। ਇਸ ਬੇਕਰੀ ਵਿਚ ਇੱਕ ਵੱਡਾ ਅਤੇ ਇਕ ਛੋਟਾ ਕਮਰਾ ਸੀ। ਬੇਕਰੀ ਨੂੰ ਗੈਰ-ਕਾਨੂੰਨੀ ਰੂਪ ਨਾਲ ਇਕ ਤਾਲਾਬ ਦੇ ਉੱਪਰ ਬਣਾਇਆ ਗਿਆ ਸੀ। ਜਿਸ ਕਾਰਨ ਇਸ ਨੂੰ ਢਾਹ ਦਿੱਤਾ ਗਿਆ ਹੈ।" ਇਸ ਤੋਂ ਪਹਿਲਾਂ ਪੁਲਸ ਨੇ 30 ਜੁਲਾਈ ਨੂੰ ਬੱਚੀ ਨਾਲ ਜਬਰ ਜ਼ਿਨਾਹ ਦੇ ਮਾਮਲੇ ਵਿਚ ਬੇਕਰੀ ਦੇ ਮਾਲਕ ਮੋਈਦ ਖਾਨ ਅਤੇ ਉਸ ਦੇ ਕਰਮਚਾਰੀ ਰਾਜੂ ਖਾਨ ਨੂੰ ਅਯੁੱਧਿਆ ਜ਼ਿਲ੍ਹੇ ਦੇ ਪੁਰਾਕਲੰਦਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਸੀ। ਪੁਲਸ ਸੂਤਰਾਂ ਨੇ ਦੱਸਿਆ ਕਿ ਮੋਈਦ ਅਤੇ ਰਾਜੂ ਨੇ ਦੋ ਮਹੀਨੇ ਪਹਿਲਾਂ ਕਥਿਤ ਤੌਰ 'ਤੇ ਨਾਬਾਲਗ ਨਾਲ ਜਬਰ ਜ਼ਿਨਾਹ ਕੀਤਾ ਸੀ ਅਤੇ ਇਸ ਨੂੰ ਰਿਕਾਰਡ ਵੀ ਕੀਤਾ। ਉਨ੍ਹਾਂ ਦੱਸਿਆ ਕਿ ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਹਾਲ ਹੀ ਵਿਚ ਡਾਕਟਰੀ ਜਾਂਚ ਦੌਰਾਨ ਪਤਾ ਲੱਗਾ ਕਿ ਪੀੜਤਾ ਗਰਭਵਤੀ ਹੈ। ਮਾਮਲਾ ਉਦੋਂ ਸਿਆਸੀ ਬਣ ਗਿਆ ਜਦੋਂ ਇਹ ਦਾਅਵਾ ਕੀਤਾ ਗਿਆ ਕਿ ਮੋਈਦ ਸਮਾਜਵਾਦੀ ਪਾਰਟੀ (ਸਪਾ) ਦਾ ਮੈਂਬਰ ਹੈ।

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀਰਵਾਰ ਨੂੰ ਵਿਧਾਨ ਸਭਾ 'ਚ ਇਸ ਘਟਨਾ ਦਾ ਜ਼ਿਕਰ ਕੀਤਾ ਅਤੇ ਸਪਾ 'ਤੇ ਨਿਸ਼ਾਨਾ ਵਿੰਨ੍ਹਿਆ। ਯੋਗੀ ਨੇ ਕਿਹਾ,"ਇਹ ਅਯੁੱਧਿਆ ਦਾ ਮਾਮਲਾ ਹੈ। ਮੋਈਦ ਖਾਨ ਸਮਾਜਵਾਦੀ ਪਾਰਟੀ ਤੋਂ ਹੈ ਅਤੇ ਅਯੁੱਧਿਆ ਦੇ ਸੰਸਦ ਮੈਂਬਰ ਦੀ ਟੀਮ ਦਾ ਮੈਂਬਰ ਹੈ। ਉਸ ਨੂੰ 12 ਸਾਲ ਦੀ ਬੱਚੀ ਨਾਲ ਜ਼ਬਰ ਜਿਨਾਹ ਦੇ ਮਾਮਲੇ 'ਚ ਸ਼ਾਮਲ ਪਾਇਆ ਗਿਆ ਹੈ। ਸਮਾਜਵਾਦੀ ਪਾਰਟੀ ਨੇ ਉਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਹੈ।'' ਮੁੱਖ ਮੰਤਰੀ ਨੇ ਸ਼ੁੱਕਰਵਾਰ ਨੂੰ ਪੀੜਤ ਕੁੜੀ ਦੀ ਮਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਅਧਿਕਾਰੀਆਂ ਨੂੰ ਲੜਕੀ ਦੀ ਸਿਹਤ ਅਤੇ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਸ਼ੁੱਕਰਵਾਰ ਨੂੰ ਬਲਾਤਕਾਰ ਪੀੜਤਾ ਦੀ ਮਾਂ ਨੇ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਯੋਗੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੀੜਤਾ ਦੀ ਮਾਂ ਨੇ ਮੀਡੀਆ ਨੂੰ ਦੱਸਿਆ ਕਿ ਉਸ ਦੀ ਬੱਚੀ ਨਾਲ ਦਰਿੰਦਗੀ ਕਰਨ ਵਾਲਿਆਂ ਲਈ ਉਸ ਨੇ ਸਰਕਾਰ ਤੋਂ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ, ਇਸ 'ਤੇ ਮੁੱਖ ਮੰਤਰੀ ਜੀ ਨੇ ਵੀ ਭਰੋਸਾ ਦਿੱਤਾ ਹੈ ਕਿ ਬੱਚੀ ਨੂੰ ਹਰ ਕੀਮਤ 'ਤੇ ਨਿਆਂ ਦਿਵਾਉਣ ਸਰਕਾਰ ਵਚਨਬੱਧ ਹੈ। ਬੱਚੀ ਦੀ ਮਾਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਇਸ ਗੱਲ ਨੂੰ ਲੈ ਕੇ ਵੀ ਭਰੋਸਾ ਦਿੱਤਾ ਹੈ ਕਿ ਦੋਸ਼ੀ ਮੋਈਦ ਖਾਨ ਦੀਆਂ ਜਾਇਦਾਦਾਂ ਦੀ ਜਾਂਚ ਕਰਵਾਈ ਜਾਵੇਗੀ ਅਤੇ ਗੈਰ-ਕਾਨੂੰਨੀ ਜਾਇਦਾਦਾਂ 'ਤੇ ਬੁਲਡੋਜ਼ਰ ਚਲਾਇਆ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News