ਪੁਤਿਨ ਦੇ ਦੌਰੇ ਲਈ ਬੇਮਿਸਾਲ ਸੁਰੱਖਿਆ ਉਪਾਅ
Thursday, Dec 04, 2025 - 12:23 AM (IST)
ਨੈਸ਼ਨਲ ਡੈਸਕ- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੀਰਵਾਰ 2 ਦਿਨਾਂ ਦੇ ਸਰਕਾਰੀ ਦੌਰੇ ’ਤੇ ਭਾਰਤ ਪਹੁੰਚਣਗੇ। ਇਸ ਦੌਰੇ ਦੌਰਾਨ ਸੁਰੱਖਿਆ ਪ੍ਰਬੰਧ ਕਿਸੇ ਵੀ ਹੋਰ ਵਿਸ਼ਵ ਨੇਤਾ ਦੇ ਮੁਕਾਬਲੇ ਵੱਖਰੇ ਹੋਣਗੇ। ਪੁਤਿਨ 23ਵੇਂ ਭਾਰਤ-ਰੂਸ ਸੰਮੇਲਨ ’ਚ ਸ਼ਾਮਲ ਹੋਣਗੇ । ਸੰਮੇਲਨ ਦੇ ਏਜੰਡੇ ’ਚ ਊਰਜਾ, ਰੱਖਿਆ ਤੇ ਵਪਾਰ ਸਹਿਯੋਗ 'ਤੇ ਚਰਚਾ ਸ਼ਾਮਲ ਹੈ।
ਸਾਰਿਆਂ ਦੀਆਂ ਨਜ਼ਰਾਂ ਪੁਤਿਨ ਦੇ ਭਾਰਤ ਦੌਰੇ ਦੌਰਾਨ ਸੁਰੱਖਿਆ ਲਈ ਚੁੱਕੇ ਗਏ ਬੇਮਿਸਾਲ ਉਪਾਵਾਂ ’ਤੇ ਲੱਗੀਆਂ ਹੋਈਆਂ ਹਨ। ਉਨ੍ਹਾਂ ਦੀ ਨਿੱਜੀ ਸੁਰੱਖਿਆ ਪ੍ਰਣਾਲੀ ਨੂੰ ਦੁਨੀਆ ’ਚ ਸਭ ਤੋਂ ਗੁੰਝਲਦਾਰ ਤੇ ਮਜ਼ਬੂਤ ਮੰਨਿਆ ਜਾਂਦਾ ਹੈ। ਇਹ ਰੂਸ ਦੇ ਰਾਸ਼ਟਰਪਤੀ ਦੀ ਸੁਰੱਖਿਆ ਲਈ ਜ਼ਿੰਮੇਵਾਰ ਹੈ। ਇਹ ਲਗਭਗ 50,000 ਮੁਲਾਜ਼ਮਾਂ ਦੀ ਇਕ ਕੁਲੀਨ ਫੋਰਸ ਹੈ ਜੋ ਅਮਰੀਕੀ ਖੁਫੀਆ ਸੇਵਾ ਨਾਲੋਂ ਲਗਭਗ 6 ਗੁਣਾ ਵੱਡੀ ਹੈ।
ਪੁਤਿਨ ਜਿੱਥੇ ਵੀ ਜਾਂਦੇ ਹਨ, ਲਗਭਗ 30 ਹਥਿਆਰਬੰਦ ਸੁਰੱਖਿਆ ਮੁਲਾਜ਼ਮਾਂ ਦੀ ਇਕ ਟੀਮ ਉਨ੍ਹਾਂ ਨਾਲ ਜਾਂਦੀ ਹੈ। ਪੁਤਿਨ ਦੀ ਸੁਰੱਖਿਆ ਦੇ ਸਭ ਤੋਂ ਅਨੋਖੇ ਪੱਖਾਂ ’ਚੋਂ ਇਕ ਇਹ ਯਕੀਨੀ ਬਣਾਉਣਾ ਹੈ ਕਿ ਰਾਸ਼ਟਰਪਤੀ ਦਾ ਕੋਈ ਵੀ ਜੈਵਿਕ ਹਿੱਸਾ ਗਲਤ ਹੱਥਾਂ ’ਚ ਨਾ ਜਾਵੇ। ਉਨ੍ਹਾਂ ਦੇ ਵਾਲ, ਪਿਸ਼ਾਬ ਤੇ ਇੱਥੋਂ ਤੱਕ ਕਿ ਉਂਗਲੀਆਂ ਦੇ ਨਿਸ਼ਾਨ ਵੀ ਇਕੱਠੇ ਕੀਤੇ ਜਾਂਦੇ ਹਨ ਤੇ ਰੂਸ ਵਾਪਸ ਲਿਜਾਏ ਜਾਂਦੇ ਹਨ।
ਉਨ੍ਹਾਂ ਦੇ ਨਾਲ ਇਕ ਪੋਰਟੇਬਲ ਲੈਬਾਰਟਰੀ ਵੀ ਹੁੰਦੀ ਹੈ ਜੋ ਉਨ੍ਹਾਂ ਵੱਲੋਂ ਖਾਧੀ ਜਾਣ ਵਾਲੀ ਹਰ ਵਸਤੂ ਦੀ ਨਿਗਰਾਨੀ ਅਤੇ ਜਾਂਚ ਕਰਦੀ ਹੈ। ਰੂਸੀ ਰਾਸ਼ਟਰਪਤੀ ਦੀ ਸੁਰੱਖਿਆ ਟੀਮ 3 ਵਿਸ਼ੇਸ਼ ਬ੍ਰੀਫਕੇਸ ਵੀ ਨਾਲ ਰੱਖਦੀ ਹੈ। ਇਨ੍ਹਾਂ ’ਚੋਂ ਇਕ ਬੁਲੇਟਪਰੂਫ ਢਾਲ, ਬਾਇਓਮੈਟੀਰੀਅਲ ਇਕੱਠਾ ਕਰਨ ਲਈ ਕੇਸ ਤੇ ਇਕ ਨਿਊਕਲੀਅਰ ਕਮਾਂਡ ਬ੍ਰੀਫਕੇਸ ਹੁੰਦਾ ਹੈ।
ਪੁਤਿਨ ਇਕ ਬੁਲੇਟਪਰੂਫ ਸੂਟ ਪਹਿਨ ਕੇ ਸਫਰ ਕਰਦੇ ਹਨ। ਉਨ੍ਹਾਂ ਦੀ ਲਿਮੋਜ਼ਿਨ ਕਾਰ ਗੈਸ ਹਮਲਿਆਂ ਦਾ ਸਾਹਮਣਾ ਕਰਨ ਲਈ ਤਿਆਰ ਕੀਤੀ ਗਈ ਹੈ। ਭਾਰਤੀ ਏਜੰਸੀਆਂ ਨੇ ਰੂਸੀ ਪ੍ਰੋਟੋਕੋਲ ਅਨੁਸਾਰ ਸੁਰੱਖਿਆ ਯੋਜਨਾ ਤਿਆਰ ਕੀਤੀ ਹੈ। ਪੁਤਿਨ ਦੇ ਕਾਫਲੇ ਦੇ ਰਸਤੇ ਤੋਂ ਲੈ ਕੇ ਸਮੇਂ ਤੱਕ ਹਰ ਪੱਖ ਦੀ ਯੋਜਨਾ ਪਹਿਲਾਂ ਤੋਂ ਹੀ ਬਣਾਈ ਗਈ ਹੈ।
ਉਨ੍ਹਾਂ ਦੇ ਆਲੇ ਦੁਆਲੇ ਦੇ ਲੋਕਾਂ ਦੇ ਕੱਪੜਿਆਂ ਦੇ ਰੰਗ ਵੀ ਪਹਿਲਾਂ ਤੋਂ ਨਿਰਧਾਰਤ ਹਨ। ਜੇ ਰੰਗ ਮੇਲ ਨਹੀਂ ਖਾਂਦੇ ਤਾਂ ਇਕ ਸੁਰੱਖਿਆ ਚਿਤਾਵਨੀ ਜਾਰੀ ਕੀਤੀ ਜਾ ਸਕਦੀ ਹੈ। ਪੁਤਿਨ ਦੇ ਨਾਲ ਅਲਫ਼ਾ ਗਰੁੱਪ ਤੇ ਵਿਮਪਲ ਸਮੇਤ ਕੁਲੀਨ ਰੂਸੀ ਵਿਸ਼ੇਸ਼ ਫੋਰਸਾਂ ਦੀਆਂ ਇਕਾਈਆਂ ਵੀ ਹੋਣਗੀਆਂ ਜੋ ਰੂਸੀ ਫੌਜੀ ਖੁਫੀਆ ਏਜੰਸੀ ਦੀ ਨਿਗਰਾਨੀ ਹੇਠ ਕੰਮ ਕਰਦੀਆਂ ਹਨ। ਉਨ੍ਹਾਂ ਦਾ ਜਹਾਜ਼ ਆਈ. ਐੱਲ -96, ਉੱਨਤ ਰੱਖਿਆਤਮਕ ਤੇ ਸੰਚਾਰ ਪ੍ਰਣਾਲੀਆਂ ਨਾਲ ਲੈਸ ਇਕ ਹਵਾਈ ਕਮਾਂਡ ਸੈਂਟਰ ਵਜੋਂ ਕੰਮ ਕਰੇਗਾ।
