ਓਨਾਵ ਰੇਪ ਪੀੜਤਾ ਦੀ ਹਾਲਤ ਗੰਭੀਰ, ਅਗਲੇ 48 ਘੰਟੇ ਅਹਿਮ

12/06/2019 2:40:54 PM

ਨਵੀਂ ਦਿੱਲੀ/ਓਨਾਵ— ਓਨਾਵ ਰੇਪ ਪੀੜਤਾ ਨੂੰ ਲਖਨਊ ਤੋਂ ਦਿੱਲੀ ਏਅਰ ਲਿਫਟ ਕੀਤਾ ਗਿਆ, ਇੱਥੇ ਉਸ ਨੂੰ ਸਫਦਰਗੰਜ ਹਸਪਤਾਲ 'ਚ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਪੀੜਤਾ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ। ਸਫਦਰਗੰਜ ਦੇ ਮੈਡੀਕਲ ਸੁਪਰਡੈਂਟ ਸੁਨੀਲ ਗੁਪਤਾ ਨੇ ਦੱਸਿਆ,''ਓਨਾਵ ਰੇਪ ਪੀੜਤਾ ਦੀ ਹਾਲਤ ਕਾਫ਼ੀ ਗੰਭੀਰ ਹੈ। ਉਸ ਦੇ ਬਚਣ ਦੀ ਸੰਭਾਵਨਾ ਕਾਫ਼ੀ ਘੱਟ ਹੈ। ਹੁਣ ਅਸੀਂ ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਹੈ।'' ਡਾਕਟਰ ਨੇ ਦੱਸਿਆ,''ਪੀੜਤਾ 90 ਫੀਸਦੀ ਤੱਕ ਸੜ ਗਈ। ਅਸੀਂ ਉਸ ਦੀ ਸਥਿਤੀ ਬਿਹਤਰ ਕਰਨ ਲਈ ਸਾਰੇ ਕੋਸ਼ਿਸ਼ ਕਰ ਰਹੇ ਹਨ।''

ਪੀੜਤਾ ਨੂੰ ਦਿੱਲੀ ਦੇ ਹਸਪਤਾਲ 'ਚ ਕੀਤਾ ਗਿਆ ਸੀ ਸ਼ਿਫਟ
23 ਸਾਲ ਦੀ ਪੀੜਤਾ ਨੂੰ ਲਖਨਊ ਦੇ ਸਿਵਲ ਹਸਪਤਾਲ ਤੋਂ ਦਿੱਲੀ ਦੇ ਸਫ਼ਦਰਗੰਜ ਹਸਪਤਾਲ 'ਚ ਬੀਤੀ ਰਾਤ ਸ਼ਿਫਟ ਕੀਤਾ ਗਿਆ। ਔਰਤ ਨੇ ਇਸੇ ਸਾਲ ਮਾਰਚ ਮਹੀਨੇ 'ਚ ਰੇਪ ਕੇਸ ਦਰਜ ਕਰਵਾਇਆ ਸੀ, ਜਿਸ ਦਾ ਓਨਾਵ ਦੀ ਇਕ ਲੋਕਲ ਕੋਰਟ 'ਚ ਟ੍ਰਾਇਲ ਚੱਲ ਰਿਹਾ ਸੀ। ਪੁਲਸ ਅਨੁਸਾਰ, 5 ਦੋਸ਼ੀਆਂ ਦੀ ਪਛਾਣ ਸ਼ੁਭਮ, ਸ਼ਿਵਮ, ਹਰਿਸ਼ੰਕਰ, ਉਮੇਸ਼ ਅਤੇ ਰਾਮ ਕਿਸ਼ੋਰ ਦੇ ਰੂਪ 'ਚ ਹੋਈ ਹੈ, ਜਿਨ੍ਹਾਂ ਨੇ ਪੀੜਤਾ ਦੇ ਉੱਪਰ ਮਿੱਟੀ ਦਾ ਤੇਲ ਸੁੱਟ ਕੇ ਅੱਗ ਲੱਗਾ ਦਿੱਤੀ ਸੀ। ਵੀਰਵਾਰ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਮਾਮਲੇ 'ਚ ਨੋਟਿਸ ਲੈਂਦੇ ਹੋਏ ਪੀੜਤਾ ਦੇ ਇਲਾਜ 'ਚ ਮਦਦ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੇ ਆਦੇਸ਼ ਦਿੱਤੇ। 

ਅੱਗ ਲੱਗਣ ਤੋਂ ਬਾਅਦ ਪੀੜਤਾ ਇਕ ਕਿਲੋਮੀਟਰ ਤੱਕ ਪੈਦਲ ਚੱਲ ਕੇ ਗਈ
ਚਸ਼ਮਦੀਦ ਅਨੁਸਾਰ, ਅੱਗ ਲੱਗਣ ਤੋਂ ਬਾਅਦ ਪੀੜਤਾ ਇਕ ਕਿਲੋਮੀਟਰ ਤੱਕ ਪੈਦਲ ਚੱਲ ਕੇ ਗਈ ਅਤੇ ਪੁਲਸ ਤੋਂ ਮਦਦ ਦੀ ਗੁਹਾਰ ਲਗਾਈ ਸੀ। ਘਟਨਾ ਦੇ ਚਸ਼ਮਦੀਦ ਅਤੇ ਪੀੜਤਾ ਦੇ ਗੁਆਂਢੀ ਨੇ ਦੱਸਿਆ ਸੀ ਕਿ ਉਹ ਅੱਗ 'ਚ ਪੂਰੀ ਤਰ੍ਹਾਂ ਲਿਪਟੀ ਹੋਈ ਬਾਹਰ ਨਿਕਲੀ ਤਾਂ ਅਸੀਂ ਘਬਰਾ ਗਏ। ਅਸੀਂ ਪਛਾਣ ਨਹੀਂ ਸਕੇ ਤਾਂ ਉਸ ਨੇ ਆਪਣਾ ਨਾਂ ਦੱਸਿਆ। ਅਸੀਂ ਪੁਲਸ ਨੂੰ ਫੋਨ ਕੀਤਾ ਤਾਂ ਪੀੜਤਾ ਨੇ ਖੁਦ ਪੁਲਸ ਨਾਲ ਗੱਲ ਕੀਤੀ ਅਤੇ ਮਦਦ ਲਈ ਬੁਲਾਇਆ। ਥੋੜ੍ਹੀ ਹੀ ਦੇਰ 'ਚ ਪੁਲਸ ਆ ਗਈ ਅਤੇ ਉਹ ਉਸ ਨੂੰ ਗੱਡੀ 'ਚ ਬਿਠਾ ਕੇ ਲੈ ਗਏ।'' ਆਈ.ਜੀ. (ਲਾਅ ਐਂਡ ਆਰਡਰ) ਪ੍ਰਵੀਨ ਕੁਮਾਰ ਨੇ ਲਖਨਊ 'ਚ ਦੱਸਿਆ ਕਿ ਪੀੜਤ ਨੂੰ ਸਾੜਨ ਵਾਲੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁਕਿਆ ਹੈ। ਇਨ੍ਹਾਂ 'ਚੋਂ 2 ਨੇ ਪਿਛਲੇ ਸਾਲ ਪੀੜਤਾ ਨਾਲ ਰੇਪ ਕੀਤਾ ਸੀ। ਉਸ ਸਮੇਂ ਉਨ੍ਹਾਂ 'ਚੋਂ ਇਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜੋ ਹਾਲ ਹੀ 'ਚ ਜ਼ਮਾਨਤ 'ਤੇ ਬਾਹਰ ਆਇਆ ਸੀ।


DIsha

Content Editor

Related News