ਭਾਰਤ ਨੂੰ ਦਾਨ ਕੀਤੇ 100 ਵੈਂਟੀਲੇਟਰਜ਼ ਦੀ ਪਹਿਲੀ ਖੇਪ ਅਗਲੇ ਹਫਤੇ ਭੇਜੇਗਾ ਅਮਰੀਕਾ

06/03/2020 9:31:53 AM

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦਾ ਦੇਸ਼ ਭਾਰਤ ਨੂੰ ਦਾਨ ਵਿਚ ਦਿੱਤੇ 100 ਵੈਂਟੀਲੇਟਰਜ਼ ਦੀ ਪਹਿਲੀ ਖੇਪ ਅਗਲੇ ਹਫਤੇ ਭੇਜਣ ਲਈ ਤਿਆਰ ਹੈ। ਵ੍ਹਾਈਟ ਹਾਊਸ ਨੇ ਦੱਸਿਆ ਕਿ ਟਰੰਪ ਨੇ ਮੰਗਲਵਾਰ ਨੂੰ ਮੋਦੀ ਨਾਲ ਗੱਲ ਕੀਤੀ ਤੇ ਦੋਵੇਂ ਨੇਤਾਵਾਂ ਨੇ ਜੀ-7 ਸੰਮੇਲਨ, ਕੋਵਿਡ-19 ਨਾਲ ਨਜਿੱਠਣ ਅਤੇ ਖੇਤਰੀ ਸੁਰੱਖਿਆ ਦੇ ਮੁੱਦਿਆਂ 'ਤੇ ਚਰਚਾ ਕੀਤੀ। 

PunjabKesari

ਵ੍ਹਾਈਟ ਹਾਊਸ ਨੇ ਟੈਲੀਫੋਨ 'ਤੇ ਹੋਈ ਗੱਲਬਾਤ ਬਾਰੇ ਬਿਆਨ ਜਾਰੀ ਕਰ ਕੇ ਦੱਸਿਆ, "ਰਾਸ਼ਟਰਪਤੀ ਨੂੰ ਘੋਸ਼ਣਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਮਰੀਕਾ ਅਗਲੇ ਹਫਤੇ ਭਾਰਤ ਨੂੰ ਦਾਨ ਵਿਚ ਦਿੱਤੇ 100 ਵੈਂਟੀਲੇਟਰਜ਼ ਦੀ ਪਹਿਲੀ ਖੇਪ ਭੇਜਣ ਲਈ ਤਿਆਰ ਹੈ।"
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸਿਲਿਸਲੇਵਾਰ ਟਵੀਟ ਕਰ ਕੇ ਕਿਹਾ ਸੀ ਕਿ ਉਨ੍ਹਾਂ ਦੀ ਉਨ੍ਹਾਂ ਦੇ ਮਿੱਤਰ ਟਰੰਪ ਨਾਲ ਗਰਮਜੋਸ਼ੀ ਨਾਲ ਸਾਰਥਕ ਗੱਲਬਾਤ ਹੋਈ। ਉਨ੍ਹਾਂ ਕਿਹਾ,"ਅਸੀਂ ਜੀ-7 ਅਮਰੀਕਾ ਦੀ ਪ੍ਰਧਾਨਗੀ ਲਈ ਉਨ੍ਹਾਂ ਦੀਆਂ ਯੋਜਨਾਵਾਂ, ਕੋਵਿਡ-19 ਮਹਾਮਾਰੀ ਅਤੇ ਕਈ ਹੋਰ ਮੁੱਦਿਆਂ 'ਤੇ ਚਰਚਾ ਕੀਤੀ।" 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ-ਅਮਰੀਕਾ ਚਰਚਾ ਦੀ ਮਜ਼ਬੂਤੀ ਅਤੇ ਗਹਿਰਾਈ ਕੋਵਿਡ-19 ਦੇ ਬਾਅਦ ਦੀ ਵਿਸ਼ਵ ਸੰਰਚਨਾ ਵਿਚ ਇਕ ਮਹੱਤਵਪੂਰਣ ਸਤੰਭ ਹੋਵੇਗੀ। ਟਰੰਪ ਨੇ ਜੀ-7 ਸਮੂਹ ਦੀ ਪ੍ਰਧਾਨਗੀ ਬਾਰੇ ਜਾਣਕਾਰੀ ਦਿੱਤੀ ਅਤੇ ਸਮੂਹ ਦਾ ਦਾਇਰਾ ਵਧਾਉਣ ਦੀ ਇੱਛਾ ਬਾਰੇ ਜਾਣੂ ਕਰਵਾਇਆ ਤਾਂਕਿ ਭਾਰਤ ਸਣੇ ਮਹੱਤਵਪੂਰਣ ਦੇਸ਼ਾਂ ਨੂੰ ਇਸ ਵਿਚ ਸ਼ਾਮਲ ਕੀਤਾ ਜਾ ਸਕੇ। ਬਿਆਨ ਵਿਚ ਕਿਹਾ ਗਿਆ ਹੈ,"ਇਸ ਵਿਚ ਉਨ੍ਹਾਂ ਪੀ. ਐੱਮ. ਮੋਦੀ ਨੂੰ ਅਮਰੀਕਾ ਵਿਚ ਆਯੋਜਿਤ ਹੋਣ ਵਾਲੇ ਅਗਲੇ ਜੀ-7 ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਸੱਦਾ ਦਿੱਤਾ। ਮੋਦੀ ਨੇ ਟਰੰਪ ਦੇ ਰਚਨਾਤਮਕ ਅਤੇ ਦੂਰਦਰਸ਼ੀ ਰਵੱਈਏ ਦੀ ਸਿਫਤ ਕੀਤੀ ਤੇ ਕਿਹਾ ਕਿ ਕੋਵਿਡ-19 ਬਾਅਦ ਦੁਨੀਆ ਦੀ ਬਦਲੀ ਹਕੀਕਤ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਤਰ੍ਹਾਂ ਦਾ ਵਿਸਥਾਰਤ ਮੰਚ ਜ਼ਰੂਰੀ ਹੋਵੇਗਾ। 
ਟਰੰਪ ਨੇ ਫਰਵਰੀ ਵਿਚ ਕੀਤੀ ਆਪਣੀ ਭਾਰਤ ਯਾਤਰਾ ਨੂੰ ਯਾਦ ਕੀਤਾ। ਮੋਦੀ ਨੇ ਕਿਹਾ ਕਿ ਇਹ ਯਾਤਰਾ ਕਈ ਅਰਥਾਂ ਵਿਚ ਇਤਿਹਾਸਕ ਤੇ ਯਾਦਗਾਰ ਰਹੀ ਤੇ ਇਸ ਨਾਲ ਦੋ-ਪੱਖੀ ਸਬੰਧ ਹੋਰ ਮਜ਼ਬੂਤ ਹੋਏ।


Lalita Mam

Content Editor

Related News