ਜੈਸ਼ੰਕਰ ਦੇ ਰਹਿੰਦੇ ਬੈਠਕ ''ਚ ਨਹੀਂ ਪਹੁੰਚੇ ਕੁਰੈਸ਼ੀ, ਬਾਅਦ ''ਚ ਕੀਤਾ ਇਹ ਐਲਾਨ

Friday, Sep 27, 2019 - 10:41 AM (IST)

ਜੈਸ਼ੰਕਰ ਦੇ ਰਹਿੰਦੇ ਬੈਠਕ ''ਚ ਨਹੀਂ ਪਹੁੰਚੇ ਕੁਰੈਸ਼ੀ, ਬਾਅਦ ''ਚ ਕੀਤਾ ਇਹ ਐਲਾਨ

ਵਾਸ਼ਿੰਗਟਨ (ਬਿਊਰੋ)— ਦੱਖਣੀ ਏਸ਼ੀਆਈ ਖੇਤਰ ਸਹਿਯੋਗ ਸੰਗਠਨ (SAARC) ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਦੌਰਾਨ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੇਰੀ ਨਾਲ ਪਹੁੰਚੇ। ਉਹ ਭਾਰਤ ਦੇ ਵਿਦੇਸ਼ ਮੰਤਰੀ ਸੁਬਰਾਮਣੀਅਮ ਜੈਸ਼ੰਕਰ ਦੇ ਭਾਸ਼ਣ ਦੇ ਬਾਅਦ ਬੈਠਕ ਵਿਚ ਸ਼ਾਮਲ ਹੋਏ। ਗੌਰਤਲਬ ਹੈ ਕਿ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਉਣ ਦੇ ਬਾਅਦ ਤੋਂ ਹੀ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਸਿਖਰ 'ਤੇ ਹੈ।

ਪਾਕਿਸਤਾਨ ਇਸ ਮੁੱਦੇ ਨੂੰ ਲਗਾਤਾਰ ਅੰਤਰਰਾਸ਼ਟਰੀ ਪੱਧਰ 'ਤੇ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਰਕ ਵਿਚ ਇਕ ਵਾਰ ਇਹੀ ਨਜ਼ਾਰਾ ਦੇਖਣ ਨੂੰ ਮਿਲਿਆ। ਕਸ਼ਮੀਰ ਦੇ ਮਾਮਲੇ 'ਤੇ ਬੌਖਲਾਏ ਪਾਕਿਸਤਾਨ ਨੇ ਭਾਰਤ ਕਾਰਨ ਬੈਠਕ ਵਿਚ ਪੂਰਾ ਸਮਾਂ ਹਿੱਸਾ ਨਹੀਂ ਲਿਆ। ਬੈਠਕ ਵਿਚ ਸ਼ਾਹ ਮਹਿਮੂਦ ਕੁਰੈਸ਼ੀ ਦੇਰੀ ਨਾਲ ਪਹੁੰਚੇ। ਜਦੋਂ ਉਹ ਪਹੁੰਚੇ ਤਾਂ ਭਾਰਤੀ ਵਿਦੇਸ਼ ਮਤਰੀ ਜੈਸ਼ੰਕਰ ਬੈਠਕ ਵਿਚੋਂ ਬਾਹਰ ਜਾ ਚੁੱਕੇ ਸਨ।

 

ਇਸ ਮਗਰੋਂ ਕੁਰੈਸ਼ੀ ਨੇ ਬੈਠਕ ਵਿਚ ਕਿਹਾ,''ਸਾਰਕ ਦੀ ਅਗਲੀ ਬੈਠਕ ਪਾਕਿਸਤਾਨ ਵਿਚ ਹੋਵੇਗੀ, ਇਸ ਦੀ ਤਰੀਕ ਬਾਅਦ ਵਿਚ ਤੈਅ ਹੋਵੇਗੀ।'' ਕੁਰੈਸ਼ੀ ਨੇ ਕਿਹਾ ਕਿ ਇਸ ਵਾਰ ਵਿਦੇਸ਼ ਮੰਤਰੀਆਂ ਦੀ ਬੈਠਕ ਇੱਥੇ ਹੋਈ ਹੈ ਪਰ ਅਗਲੀ ਬੈਠਕ ਪਾਕਿਸਤਾਨ ਵਿਚ ਹੋਵੇਗੀ। ਸਾਰੇ ਦੇਸ਼ਾਂ ਨੇ ਆਉਣ ਲਈ ਹਾਂ ਕਹਿ ਦਿੱਤੀ ਹੈ ਪਰ ਹਾਲੇ ਭਾਰਤ ਦੇ ਜਵਾਬ ਦਾ ਇੰਤਜ਼ਾਰ ਹੈ। ਵੀਰਵਾਰ ਨੂੰ ਸੰਯੁਕਤ ਰਾਸ਼ਟਰ ਤੋਂ ਵੱਖ ਹੋਈ ਸਾਰਕ ਦੇਸ਼ਾਂ ਦੀ ਬੈਠਕ ਵਿਚ ਭਾਰਤ, ਪਾਕਿਸਤਾਨ ਦੇ ਇਲਾਵਾ ਕੁਵੈਤ, ਓਮਾਨ, ਯੂ.ਏ.ਈ. ਦੇ ਮੈਂਬਰ ਸ਼ਾਮਲ ਹੋਏ ਸਨ।

ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੁਰੈਸ਼ੀ ਬੈਠਕ ਵਿਚ ਅੱਤਵਾਦੀ ਹਾਫਿਜ਼ ਸਈਦ ਨੂੰ ਲੈ ਕੇ ਪੁੱਛੇ ਗਏ ਸਵਾਲ ਦਾ ਜਵਾਬ ਦਿੱਤੇ ਬਿਨਾਂ ਹੀ ਚਲੇ ਗਏ। ਉਹ ਸੰਯੁਕਤ ਰਾਸ਼ਟਰ ਸਭਾ ਤੋਂ ਵੱਖ ਆਯੋਜਿਤ ਸਾਰਕ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵਿਚ ਆਪਣੇ ਸੰਬੋਧਨ ਦੇ ਬਾਅਦ ਮੀਡੀਆ ਨਾਲ ਗੱਲ ਕਰ ਰਹੇ ਸਨ। ਅਸਲ ਵਿਚ ਸਾਰਕ ਬੈਠਕ 'ਤੇ ਪਾਕਿਸਤਾਨ ਕਾਫੀ ਲੰਬੇ ਸਮੇਂ ਤੋਂ ਬੇਚੈਨ ਹੈ ਕਿਉਂਕਿ ਪਿਛਲੇ 3 ਸਾਲ ਤੋਂ ਉਹ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਨਹੀਂ ਕਰ ਪਾਇਆ ਹੈ। 

2016 ਵਿਚ ਇਹ ਬੈਠਕ ਪਾਕਿਸਤਾਨ ਵਿਚ ਹੋਣੀ ਸੀ ਪਰ ਉਦੋਂ ਭਾਰਤ ਵਿਚ ਉਰੀ ਵਿਚ ਹਮਲਾ ਹੋਇਆ ਸੀ ਇਸ ਕਾਰਨ ਭਾਰਤ ਨੇ ਬੈਠਕ ਵਿਚ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਭਾਰਤ ਦੇ ਮਨਾ ਕਰਨ ਦੇ ਬਾਅਦ ਹੋਰ ਦੇਸ਼ਾਂ ਨੇ ਵੀ ਬੈਠਕ ਵਿਚ ਹਿੱਸਾ ਨਹੀਂ ਲਿਆ ਸੀ, ਜਿਸ ਕਾਰਨ 2016 ਦਾ ਸੰਮੇਲਨ ਰੱਦ ਹੋ ਗਿਆ ਸੀ। ਸਾਰਕ ਦੇਸ਼ਾਂ ਵਿਚ ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਭਾਰਤ, ਨੇਪਾਲ, ਮਾਲਦੀਵ, ਪਾਕਿਸਤਾਨ ਅਤੇ ਸ਼੍ਰੀਲੰਕਾ ਸ਼ਾਮਲ ਹੈ।


author

Vandana

Content Editor

Related News