ਹਿਊਸਟਨ ''ਚ ਮੋਦੀ ਕਰਨਗੇ ਸੰਬੋਧਨ, ਹੁਣ ਤੱਕ 40 ਹਜ਼ਾਰ ਲੋਕਾਂ ਨੇ ਕਰਾਇਆ ਰਜਿਸਟਰੇਸ਼ਨ

Tuesday, Aug 13, 2019 - 10:06 AM (IST)

ਹਿਊਸਟਨ ''ਚ ਮੋਦੀ ਕਰਨਗੇ ਸੰਬੋਧਨ, ਹੁਣ ਤੱਕ 40 ਹਜ਼ਾਰ ਲੋਕਾਂ ਨੇ ਕਰਾਇਆ ਰਜਿਸਟਰੇਸ਼ਨ

ਵਾਸ਼ਿੰਗਟਨ (ਬਿਊਰੋ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਸਤੰਬਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਵਿਚ ਹਿੱਸਾ ਲੈਣ ਲਈ ਅਮਰੀਕਾ ਆ ਰਹੇ ਹਨ। ਇਸ ਸੰਮੇਲਨ ਵਿਚ ਮੋਦੀ ਭਾਰਤੀ ਭਾਈਚਾਰੇ ਨੂੰ ਸੰਬੋਧਿਤ ਕਰਨਗੇ। ਭਾਰਤੀ ਅਮਰੀਕੀ ਭਾਈਚਾਰੇ ਦੇ ਸੰਮੇਲਨ 'ਹਾਊਡੀ, ਮੋਦੀ' ਵਿਚ ਸ਼ਿਰਕਤ ਕਰਨ ਲਈ ਹੁਣ ਤੱਕ ਕਰੀਬ 40 ਹਜ਼ਾਰ ਲੋਕ ਰਜਿਸਟਰੇਸ਼ਨ ਕਰਾ ਚੁੱਕੇ ਹਨ।  ਹਾਊਡੀ 'How do you do' (ਤੁਹਾਡਾ ਕੀ ਹਾਲ ਹੈ) ਦਾ ਸੰਖੇਪ ਰੂਪ ਹੈ। ਦੱਖਣੀ ਪੱਛਮੀ ਅਮਰੀਕਾ ਵਿਚ ਆਮਤੌਰ 'ਤੇ ਲੋਕ ਇਕ-ਦੂਜੇ ਨੂੰ ਮਿਲਦੇ ਸਮੇਂ ਹਾਲਚਾਲ ਜਾਨਣ ਲਈ ਇਹੀ ਸ਼ਬਦ ਬੋਲਦੇ ਹਨ। 

ਹਿਊਸਟਨ ਦੇ ਇਕ ਗੈਰ ਸਰਕਾਰੀ ਸੰਗਠਨ 'ਟੈਕਸਾਸ ਇੰਡੀਆ ਫੋਰਮ' ਨੇ ਦੱਸਿਆ ਕਿ ਸਮਾਰੋਹ ਵਿਚ ਆਉਣ ਲਈ ਕੋਈ ਫੀਸ ਨਹੀਂ ਲਈ ਜਾ ਰਹੀ ਪਰ ਇਸ ਲਈ 'ਪਾਸ' ਹੋਣਾ ਲਾਜ਼ਮੀ ਹੈ। ਅਮਰੀਕਾ ਦੇ ਚੌਥੇ ਸਭ ਤੋਂ ਸੰਘਣੇ ਆਬਾਦੀ ਵਾਲੇ ਸ਼ਹਿਰ ਦੇ 'ਐੱਨ.ਆਰ.ਜੀ. ਫੁੱਟਬਾਲ ਸਟੇਡੀਅਮ' ਵਿਚ ਆਯੋਜਿਤ ਹੋ ਰਹੇ ਇਸ ਪ੍ਰੋਗਰਾਮ ਵਿਚ ਕਰੀਬ 50 ਹਜ਼ਾਰ ਲੋਕਾਂ ਦੇ ਆਉਣ ਦੀ ਆਸ ਹੈ। ਹਿਊਸਟਨ ਵਿਚ 5 ਲੱਖ ਤੋਂ ਵੱਧ ਭਾਰਤੀ-ਅਮਰੀਕੀ ਭਾਈਚਾਰੇ ਦੇ ਲੋਕ ਰਹਿੰਦੇ ਹਨ। ਹਿਊਸਟਨ ਦੇ ਮੇਅਰ ਸਿਲਵੇਸਟਰ ਟਰਨਰ ਨੇ ਕਿਹਾ,''ਮੈਂ ਪ੍ਰਧਾਨ ਮੰਤਰੀ ਮੋਦੀ ਦਾ ਹਿਊਸਟਨ ਵਿਚ ਸਵਾਗਤ ਕਰਨ ਲਈ ਉਤਸ਼ਾਹਿਤ ਹਾਂ, ਜਿੱਥੇ ਵੱਡੀ ਗਿਣਤੀ ਵਿਚ ਭਾਰਤੀ ਭਾਈਚਾਰੇ ਦੇ ਲੋਕ ਰਹਿੰਦੇ ਹਨ।'' 

'ਟੈਕਸਾਸ ਇੰਡੀਆ ਫੋਰਮ' ਨੇ ਦੱਸਿਆ ਕਿ ਪਹਿਲੇ ਹਫਤੇ ਵਿਚ ਹੀ 39,000 ਤੋਂ ਵੱਧ ਲੋਕਾਂ ਨੇ ਰਜਿਸਟਰੇਸ਼ਨ ਕਰਾ ਲਿਆ ਸੀ। 1000 ਤੋਂ ਵੱਧ ਵਾਲੰਟੀਅਰ ਅਤੇ 650 'ਵੈਲਕਮ ਪਾਰਟਨਰ' ਇਸ ਪ੍ਰੋਗਰਾਮ ਨਾਲ ਜੁੜੇ ਹਨ। ਅਮਰੀਕੀ ਸੈਨੇਟਰ ਜੌਨ ਕੋਰਨਿਨ ਨੇ ਕਿਹਾ,''ਟੈਕਸਾਸ ਦੇ ਲੱਖਾਂ ਭਾਰਤੀ ਅਮਰੀਕੀ ਭਾਈਚਾਰੇ ਦੇ ਲੋਕਾਂ ਵੱਲੋਂ ਅਤੇ ਸੈਨੇਟ ਇੰਡੀਆ ਕੌਕਸ ਦੇ ਸਹਿ-ਪ੍ਰਧਾਨ ਦੇ ਤੌਰ 'ਤੇ ਮੈਂ ਪ੍ਰਧਾਨ ਮੰਤਰੀ ਮੋਦੀ ਦਾ ਹਿਊਸਟਨ ਵਿਚ ਸਵਾਗਤ ਕਰਦਾ ਹਾਂ।'' ਇੱਥੇ ਦੱਸ ਦਈਏ ਕਿ ਮੋਦੀ ਅਮਰੀਕਾ ਵਿਚ ਭਾਰਤੀ ਭਾਈਚਾਰੇ ਨੂੰ ਤੀਜੀ ਵਾਰ ਸੰਬੋਧਿਤ ਕਰਨਗੇ। ਇਸ ਤੋਂ ਪਹਿਲਾਂ ਸਾਲ 2014 ਵਿਚ ਨਿਊਯਾਰਕ ਦੇ ਮੈਡੀਸਨ ਸਕਵਾਇਰ ਗਾਰਡਨ ਅਤੇ ਸਾਲ 2016 ਵਿਚ ਸਿਲੀਕਾਨ ਵੈਲੀ ਵਿਚ ਉਹ ਭਾਰਤੀ ਭਾਈਚਾਰੇ ਨੂੰ ਸੰਬੋਧਿਤ ਕਰ ਚੁੱਕੇ ਹਨ। ਦੋਹਾਂ ਸਮਾਰੋਹ ਵਿਚ 20,000 ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ ਸੀ।


author

Vandana

Content Editor

Related News