59 ਨੋਬਲ ਜੇਤੂਆਂ ਵੱਲੋਂ ਮੋਦੀ ਤੇ ਇਮਰਾਨ ਨੂੰ ਸ਼ਾਂਤੀ ਕਾਇਮ ਕਰਨ ਦੀ ਅਪੀਲ
Tuesday, Mar 05, 2019 - 01:42 PM (IST)

ਸੰਯੁਕਤ ਰਾਸ਼ਟਰ (ਏਜੰਸੀ)— ਪੁਲਵਾਮਾ ਅੱਤਵਾਦੀ ਹਮਲੇ ਦੇ ਬਾਅਦ ਭਾਰਤ-ਪਾਕਿਸਤਾਨ ਵਿਚ ਵੱਧਦੇ ਤਣਾਅ ਨੂੰ ਲੈ ਕੇ ਆਸਟ੍ਰੇਲੀਆ, ਅਮਰੀਕਾ ਸਮੇਤ ਕਈ ਦੇਸ਼ ਚਿੰਤਾ ਵਿਚ ਹਨ। ਇਨ੍ਹਾਂ ਸਾਰੇ ਦੇਸ਼ਾਂ ਵੱਲੋਂ ਦੋਹਾਂ ਦੇਸ਼ਾਂ ਨੂੰ ਯੁੱਧ ਨਾ ਕਰਨ ਅਤੇ ਗੱਲਬਾਤ ਜ਼ਰੀਏ ਹੱਲ ਲੱਭਣ ਲਈ ਕਿਹਾ ਗਿਆ ਹੈ। ਇਸੇ ਕੋਸ਼ਿਸ਼ ਵਿਚ ਹੁਣ 59 ਨੋਬਲ ਪੁਰਸਕਾਰ ਜੇਤੂਆਂ ਨੇ ਭਾਰਤ ਅਤੇ ਪਾਕਿਸਤਾਨ ਨੂੰ ਚਿੱਠੀ ਲਿਖ ਕੇ ਮੌਜੂਦਾ ਤਣਾਅ ਖਤਮ ਕਰਨ ਦੀ ਅਪੀਲ ਕੀਤੀ ਹੈ। ਨੋਬਲ ਪੁਰਸਕਾਰ ਜੇਤੂ ਕੈਲਾਸ਼ ਸੱਤਿਆਰਥੀ ਵੱਲੋਂ ਤਿਆਰ ਨੋਬਲ ਪੁਰਸਕਾਰ ਜੇਤੂਆਂ ਦੇ ਦਸਤਖਤ ਵਾਲੀ ਚਿੱਠੀ ਐਤਵਾਰ ਨੂੰ ਸੰਯੁਕਤ ਰਾਸ਼ਟਰ ਵਿਚ ਭਾਰਤ ਅਤੇ ਪਾਕਿਸਤਾਨ ਦੇ ਸਥਾਈ ਨੁਮਾਇੰਦਿਆਂ ਨੂੰ ਸੌਂਪੀ ਗਈ।
ਇਸ ਚਿੱਠੀ ਮੁਤਾਬਕ,''ਭਾਰਤ ਅਤੇ ਪਾਕਿਸਤਾਨ ਯੁੱਧ ਦੀ ਦਿਸ਼ਾ ਵੱਲ ਨਾ ਵਧਣ। ਸ਼ਾਂਤੀ ਲਈ ਤਣਾਅ ਨੂੰ ਦੂਰ ਕਰਨ। ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਸ਼ਾਂਤੀ ਲਈ ਤੁਰੰਤ ਅਤੇ ਸਕਰਾਤਮਕ ਕਦਮ ਚੁੱਕਣ। ਸੱਭਿਆਚਾਰਕ ਸਮਾਜ ਵਿਚ ਹਿੰਸਾ ਅਤੇ ਅੱਤਵਾਦ ਲਈ ਕੋਈ ਜਗ੍ਹਾ ਨਹੀਂ ਹੈ। ਇਸ ਮਹਾਮਾਰੀ ਨੂੰ ਠੋਸ ਅਤੇ ਯੋਜਨਾਬੱਧ ਕਾਰਵਾਈ ਨਾਲ ਜੜ੍ਹਾਂ ਤੋਂ ਉਖਾੜਨ ਦੀ ਲੋੜ ਹੈ। ਬੱਚੇ ਕਦੇ ਵੀ ਯੁੱਧ ਵਿਚ ਸ਼ਾਮਲ ਨਹੀਂ ਹੁੰਦੇ ਪਰ ਯੁੱਧ ਨਾਲ ਉਹੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਇਸ ਲਈ ਅਸੀਂ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ, ਦੋਹਾਂ ਦੇਸ਼ਾਂ ਦੀਆਂ ਵਿਸ਼ਵਾਸਯੋਗ ਸੰਸਥਾਵਾਂ, ਨੌਜਵਾਨਾਂ ਅਤੇ ਨਾਗਰਿਕਾਂ ਨੂੰ ਖੇਤਰ ਵਿਚ ਸ਼ਾਂਤੀ ਸਥਾਪਿਤ ਕਰਨ ਲਈ ਇਕੱਠੇ ਮਿਲ ਕੇ ਤੁਰੰਤ ਕਿਰਿਆਸ਼ੀਲ ਹੋਣ ਦੀ ਅਪੀਲ ਕੀਤੀ ਹੈ।''
ਚਿੱਠੀ 'ਤੇ ਦਸਤਖਤ ਕਰਨ ਵਾਲੇ ਨੋਬਲ ਪੁਰਸਕਾਰ ਜੇਤੂਆਂ ਵਿਚ ਮਲਾਲਾ ਯੁਸੂਫਜ਼ਈ, ਲੇਮਾ ਗਬੋਵੀ, ਸ਼ਿਰੀਨ ਅਬਾਦੀ, ਤਵਾਵਕੋਲ ਕਰਮਾਨ, ਮੁਹੰਮਦ ਯੂਨਸ, ਜੋਸ ਰਾਮੋਸ-ਹੋਰਟਾ, ਐਡਵਰਡ ਇੰਗਜ਼ਾਲਡ ਮੋਜਰ, ਮੇ -ਬ੍ਰਿਟ ਮੋਸ ਅਤੇ ਹੋਰ ਕਈ ਸ਼ਖਸੀਅਤਾਂ ਸ਼ਾਮਲ ਹਨ।