ਯੂਨਾਈਟਿਡ ਹਿੰਦੂ ਫਰੰਟ ਨੇ ਖ਼ਾਲਿਸਤਾਨ ਸਮਰਥਕਾਂ ਖ਼ਿਲਾਫ਼ ਦਿੱਤਾ ਧਰਨਾ

Tuesday, Sep 01, 2020 - 01:13 AM (IST)

ਨਵੀਂ ਦਿੱਲੀ : ਯੂਨਾਈਟਿਡ ਹਿੰਦੂ ਫਰੰਟ ਨੇ ਪੰਜਾਬ 'ਚ ਅੱਤਵਾਦ ਅਤੇ ਵੱਖਵਾਦ ਨੂੰ ਬੜਾਵਾ ਦੇਣ ਲਈ ‘ਪੰਜਾਬ ਬੰਦ’ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਦਾ ਐਲਾਨ ਕਰਨ ਵਾਲੇ ਪਾਬੰਦੀਸ਼ੁਦਾ ਸੰਗਠਨ ‘ਸਿੱਖ ਫਾਰ ਜਸਟਿਸ’ (ਐੱਸ.ਐੱਫ.ਜੇ.) ਦੇ ਸਵੈ-ਪ੍ਰਚਾਰਕ ਗੁਰਪਤਵੰਤ ਪੰਨੂ ਨੂੰ ਅਮਰੀਕਾ ਤੋਂ ਲਿਆ ਕੇ ਉਸ 'ਤੇ ਦੇਸ਼ਧ੍ਰੋਹ ਦਾ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਹੈ। ਫਰੰਟ ਵਲੋਂ ਅੱਜ ਮੰਦਰ ਮਾਰਗ ਸਥਿਤ ਹਿੰਦੂ ਮਹਾਸਭਾ ਭਵਨ ਦੇ ਨਜ਼ਦੀਕ ਖਾਲਿਸਤਾਨ ਸਮਰਥਕਾਂ ਖਿਲਾਫ ਧਰਨਾ ਵੀ ਦਿੱਤਾ ਗਿਆ।

ਧਰਨੇ 'ਚ ਫਰੰਟ ਦੇ ਅੰਤਰਰਾਸ਼ਟਰੀ ਕਾਰਜਕਾਰੀ ਪ੍ਰਧਾਨ ਜੈ ਭਗਵਾਨ ਗੋਇਲ ਤੋਂ ਇਲਾਵਾ ਕਈ ਗਿਆਨਵਾਨ ਬੁੱਧੀਜੀਵੀ ਅਤੇ ਸੰਗਠਨ ਦੇ ਨਾਮਵਰ ਅਧਿਕਾਰੀ ਸ਼ਾਮਲ ਹੋਏ। ਇਸ ਮੌਕੇ ਜੈ ਭਗਵਾਨ ਗੋਇਲ ਨੇ ਕਿਹਾ ਕਿ ਉਹ ਪੰਜਾਬ 'ਚ ਅੱਤਵਾਦ ਦਾ ਕਾਲ਼ਾ ਦੌਰ ਦੇਖ ਚੁੱਕੇ ਹਨ। ਉਸ ਦੌਰ ਦੀ ਸ਼ੁਰੂਆਤ ਪੰਜਾਬ 'ਚ ਹਿੰਦੂਵਾਦੀ ਨੇਤਾਵਾਂ ਦੀਆਂ ਹੱਤਿਆਵਾਂ ਨਾਲ ਹੋਈ ਸੀ। ਅੱਜ ਵੀ ਕੁੱਝ ਲੋਕ ਵਿਦੇਸ਼ੀ ਤਾਕਤਾਂ ਦੇ ਇਸ਼ਾਰੇ 'ਤੇ ਪੰਜਾਬ 'ਚ ਮੁੜ ਖਾਲਿਸਤਾਨ ਦੀ ਮੁਹਿੰਮ ਸ਼ੁਰੂ ਕਰ ਪੰਜਾਬ ਦੇ ਹਲਾਤ ਖ਼ਰਾਬ ਕਰਨਾ ਚਾਹੁੰਦੇ ਹਨ।

ਉਨ੍ਹਾਂ ਕਿਹਾ ਕਿ ਯੂਨਾਈਟਿਡ ਹਿੰਦੂ ਫਰੰਟ ਦੇ ਵਰਕਰ ਪੰਜਾਬ ਭਰ 'ਚ ਹਿੰਦੂ-ਸਿੱਖ ਸਦਭਾਵਨਾ ਨੂੰ ਬਣਾਏ ਰੱਖਣ ਲਈ ਕੰਮ ਕਰਨਗੇ। ਇਸ ਦੌਰਾਨ ਗੋਇਲ ਨੇ ਗ੍ਰਹਿ ਮੰਤਰੀ ਨੂੰ ਭੇਜਿਆ ਹੋਇਆ ਮੈਮੋਰੰਡਮ ਵੀ ਪੇਸ਼ ਕੀਤਾ ਜਿਸ 'ਚ ਅਮਰੀਕੀ ਸਰਕਾਰ ਨਾਲ ਗੱਲ ਕਰਕੇ ਗੁਰਪਤਵੰਤ ਪੰਨੂ ਨੂੰ ਤੁਰੰਤ ਭਾਰਤ ਲਿਆ ਕੇ ਉਸ 'ਤੇ ਦੇਸ਼ਧ੍ਰੋਹ ਦਾ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਗਈ ਹੈ। ਮੈਮੋਰੰਡਮ ਦੀ ਕਾਪੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਭੇਜੀ ਗਈ ਹੈ।


Inder Prajapati

Content Editor

Related News