ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੀ ਚੇਅਰਮੈਨ ਤੋਂ ਬਿਨਾਂ
Sunday, May 04, 2025 - 12:54 AM (IST)

ਨੈਸ਼ਨਲ ਡੈਸਕ- ਕਈ ਆਈ. ਆਈ. ਟੀ., ਆਈ. ਆਈ. ਐੱਮ. ਤੇ ਹੋਰ ਅਦਾਰਿਆਂ ਤੋਂ ਬਾਅਦ ਹੁਣ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ. ਪੀ. ਐੱਸ. ਸੀ.) ਦੀ ਚੇਅਰਮੈਨ ਤੋਂ ਬਿਨਾਂ ਹੋਣ ਦੀ ਵਾਰੀ ਹੈ।
ਯੂ. ਪੀ. ਐੱਸ. ਸੀ. ਦੇਸ਼ ਦੀ ਇਕ ਪ੍ਰਮੁੱਖ ਸੰਸਥਾ ਹੈ ਜੋ ਵੱਖ-ਵੱਖ ਪ੍ਰੀਖਿਆਵਾਂ ਤੇ ਇੰਟਰਵਿਊ ਰਾਹੀਂ ਆਲ ਇੰਡੀਆ ਸਰਵਿਸਿਜ਼ ਅਤੇ ਸੈਂਟਰਲ ਸਿਵਲ ਸਰਵਿਸਿਜ਼ ਲਈ ਅਧਿਕਾਰੀਆਂ ਦੀ ਭਰਤੀ ਕਰਦੀ ਹੈ। ਇਸ ਸਮੇਂ ਇਹ ਚੇਅਰਮੈਨ ਤੋਂ ਬਿਨਾਂ ਕੰਮ ਕਰ ਰਹੀ ਹੈ।
ਪ੍ਰੀਤੀ ਸੂਦਨ ਪਿਛਲੇ ਮਹੀਨੇ ਆਪਣੇ ਅਹੁਦੇ ਤੋਂ ਸੇਵਾਮੁਕਤ ਹੋ ਗਈ ਸੀ ਪਰ ਸਰਕਾਰ ਨੇ ਉਨ੍ਹਾਂ ਦੀ ਥਾਂ ਨਿਯੁਕਤ ਹੋਣ ਵਾਲੇ ਅਧਿਕਾਰੀ ਦੀ ਅਜੇ ਤਕ ਚੋਣ ਨਹੀਂ ਕੀਤੀ ਹੈ। ਯੂ. ਪੀ. ਐੱਸ. ਸੀ. ਦੇ ਚੇਅਰਮੈਨ ਦੀ ਨਿਯੁਕਤੀ ਪੀ. ਐੱਮ. ਓ. ਅਧੀਨ ਅਮਲਾ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲਾ ਵੱਲੋਂ ਕੀਤੀ ਜਾਂਦੀ ਹੈ।
ਕੇਂਦਰੀ ਸਿਹਤ ਸਕੱਤਰ ਵਜੋਂ ਸੇਵਾ ਨਿਭਾ ਰਹੀ ਸੂਦਨ ਨੂੰ ਪਿਛਲੇ ਸਾਲ ਜੁਲਾਈ ’ਚ ਯੂ. ਪੀ. ਐੱਸ. ਸੀ. ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਉਹ ਉਸ ਸਮੇਂ ਦੇ ਚੇਅਰਮੈਨ ਮਨੋਜ ਸੋਨੀ ਵੱਲੋਂ 'ਨਿੱਜੀ ਕਾਰਨਾਂ' ਕਰ ਕੇ ਅਸਤੀਫਾ ਦੇਣ ਤੋਂ ਬਾਅਦ ਇਸ ਅਹੁਦੇ ’ਤੇ ਨਿਯੁਕਤ ਕੀਤੀ ਗਈ ਸੀ।
ਆਈ. ਏ. ਐੱਸ. ਪ੍ਰੋਬੇਸ਼ਨਰ ਪੂਜਾ ਖੇਡਕਰ ਨੂੰ ਕਮਿਸ਼ਨ ਵੱਲੋਂ ਪ੍ਰੀਖਿਆ ਪਾਸ ਕਰਨ ਲਈ 9 ਕੋਸ਼ਿਸ਼ਾਂ ਕਰਨ ਦੀ ਇਜਾਜ਼ਤ ਦੇਣ ਤੇ ਵਾਧੂ ਪ੍ਰੀਖਿਆਵਾਂ ਦੇਣ ਲਈ ਉਸ ਦੇ ਜਾਅਲੀ ਅਪੰਗਤਾ ਸਰਟੀਫਿਕੇਟ ਨੂੰ ਪ੍ਰਵਾਨ ਕਰਨ ’ਤੇ ਪੈਦਾ ਹੋਏ ਵੱਡੇ ਵਿਵਾਦ ਤੋਂ ਬਾਅਦ ਸੋਨੀ ਨੇ ਅਸਤੀਫਾ ਦੇ ਦਿੱਤਾ ਸੀ।
ਸੋਨੀ, ਜੋ 2017 ’ਚ ਕਮਿਸ਼ਨ ਦੇ ਮੈਂਬਰ ਵਜੋਂ ਸ਼ਾਮਲ ਹੋਏ ਸਨ, ਨੂੰ ਮਈ, 2023 ’ਚ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਮਈ, 2029 ਤੱਕ ਇਸ ਅਹੁਦੇ ’ਤੇ ਰਹਿਣਾ ਸੀ।
ਸੋਨੀ ਨੂੰ ਸੰਘ ਪਰਿਵਾਰ ਦੇ ਨੇੜੇ ਮੰਨਿਆ ਜਾਂਦਾ ਹੈ। ਯੂ. ਪੀ. ਐੱਸ. ਸੀ. ’ਚ ਨਿਯੁਕਤੀ ਤੋਂ ਪਹਿਲਾਂ ਉਹ ਵਡੋਦਰਾ ਦੀ ਐੱਮ. ਐੱਸ.ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਨ।
ਇਹ ਵੀ ਪਤਾ ਲੱਗਾ ਹੈ ਕਿ ਕੇਂਦਰੀ ਖੇਡ ਸਕੱਤਰ ਸੁਜਾਤਾ ਚਤੁਰਵੇਦੀ ਨੂੰ ਸੂਦਨ ਦੀ ਸੇਵਾਮੁਕਤੀ ਵਾਲੇ ਦਿਨ ਹੀ ਯੂ. ਪੀ. ਐੱਸ. ਸੀ. ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਜੂਨ, 2025 ’ਚ ਸੇਵਾਮੁਕਤ ਹੋਣਾ ਸੀ। ਹੁਣ ਉਹ 3 ਸਾਲ ਹੋਰ ਸੇਵਾ ਕਰੇਗੀ ਕਿਉਂਕਿ ਯੂ. ਪੀ. ਐੱਸ. ਸੀ. ਦੇ ਮੈਂਬਰ ਆਮ ਤੌਰ 'ਤੇ 6 ਸਾਲ ਜਾਂ 65 ਸਾਲ ਦੀ ਉਮਰ ਤੱਕ ਜੋ ਵੀ ਪਹਿਲਾਂ ਹੋਵੇ, ਤਕ ਸੇਵਾ ਕਰਦੇ ਹਨ।
ਇਸ ਵੇਲੇ ਕਮਿਸ਼ਨ ’ਚ 6 ਮੈਂਬਰ ਹਨ। ਚੇਅਰਮੈਨ ਤੋਂ ਇਲਾਵਾ ਵੱਧ ਤੋਂ ਵੱਧ 10 ਮੈਂਬਰ ਹੋ ਸਕਦੇ ਹਨ।