ਕੇਂਦਰੀ ਮੰਤਰੀ ਨੇ ਗਲਤ ਲਿਖਿਆ ‘ਬੇਟੀ ਪੜ੍ਹਾਓ, ਬੇਟੀ ਬਚਾਓ’ ਦਾ ਨਾਅਰਾ, ਵਿਰੋਧੀ ਧਿਰ ਨੇ ਵਿੰਨ੍ਹਿਆ ਨਿਸ਼ਾਨਾ
Thursday, Jun 20, 2024 - 06:08 PM (IST)
ਧਾਰ (ਮਪ), (ਭਾਸ਼ਾ)- ਮੱਧ ਪ੍ਰਦੇਸ਼ ਵਿਚ ਇਕ ਪ੍ਰੋਗਰਾਮ ਦੌਰਾਨ ਕੇਂਦਰੀ ਮੰਤਰੀ ਸਾਵਿਤਰੀ ਠਾਕੁਰ ਵੱਲੋਂ ‘ਬੇਟੀ ਪੜ੍ਹਾਓ, ਬੇਟੀ ਬਚਾਓ’ ਦਾ ਨਾਅਰਾ ਗਲਤ ਲਿਖੇ ਜਾਣ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ, ਜਿਸ ਤੋਂ ਬਾਅਦ ਵਿਰੋਧੀ ਪਾਰਟੀ ਕਾਂਗਰਸ ਨੇ ਉਨ੍ਹਾਂ ਦੀ ਯੋਗਤਾ ’ਤੇ ਸਵਾਲ ਖੜ੍ਹੇ ਕੀਤੇ ਹਨ। ਪ੍ਰੋਗਰਾਮ ਧਾਰ ਦੇ ਬ੍ਰਹਿਮਾ ਕੁੰਡੀ ਸਥਿਤ ਇਕ ਸਰਕਾਰੀ ਸਕੂਲ ਵਿਚ 18 ਜੂਨ (ਮੰਗਲਵਾਰ) ਨੂੰ ‘ਸਕੂਲ ਚਲੋ ਮੁਹਿੰਮ’ ਤਹਿਤ ਪ੍ਰੋਗਰਾਮ ਕਰਵਾਇਆ ਗਿਆ ਸੀ, ਜਿਸ ਵਿਚ ਧਾਰ ਸੀਟ ਤੋਂ ਸੰਸਦ ਮੈਂਬਰ ਠਾਕੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਠਾਕੁਰ, ਕੇਂਦਰੀ ਮੰਤਰੀ ਮੰਡਲ ’ਚ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਹਨ। ਵੀਡੀਓ ’ਚ ਠਾਕੁਰ ਨੇ ਵ੍ਹਾਈਟ ਬੋਰਡ ’ਤੇ ਦੇਵਨਾਗਰੀ ਲਿਪੀ ’ਚ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਨਾਅਰਾ ਗਲਤ ਤਰੀਕੇ ਨਾਲ ਲਿਖਿਆ। ਵਾਇਰਲ ਵੀਡੀਓ ’ਤੇ ਸੀਨੀਅਰ ਕਾਂਗਰਸੀ ਆਗੂ ਕੇ. ਮਿਸ਼ਰਾ ਨੇ ਕਿਹਾ ਕਿ ਇਹ ਲੋਕਤੰਤਰ ਦੀ ਬਦਕਿਸਮਤੀ ਹੈ ਕਿ ਸੰਵਿਧਾਨਕ ਅਹੁਦਿਆਂ ’ਤੇ ਕਾਬਜ਼ ਲੋਕ ਅਤੇ ਵੱਡੇ ਵਿਭਾਗਾਂ ਦੇ ਜ਼ਿੰਮੇਵਾਰ ਲੋਕ ਆਪਣੀ ਮਾਂ-ਬੋਲੀ ਵਿਚ ਵੀ ਸਮਰੱਥ ਨਹੀਂ ਹਨ। ਉਹ ਆਪਣਾ ਮੰਤਰਾਲਾ ਕਿਵੇਂ ਸੰਭਾਲਣਗੇ?