ਮਣੀਪੁਰ ਹਿੰਸਾ ’ਤੇ ਬਿਆਨ ਦੇ ਕੇ ਘਿਰੇ ਸੰਘ ਮੁਖੀ, ਰਾਊਤ ਬੋਲੇ ਸਰਕਾਰ ਤਾਂ ਤੁਹਾਡੇ ਆਸ਼ੀਰਵਾਦ ਨਾਲ ਹੀ ਚਲ ਰਹੀ ਹੈ

06/11/2024 9:39:41 PM

ਨੈਸ਼ਨਲ ਡੈਸਕ- ਮੋਹਨ ਭਾਗਵਤ ਵਲੋਂ ਮਣੀਪੁਰ ਨੂੰ ਲੈ ਕੇ ਦਿੱਤੇ ਬਿਆਨ ਸੰਬੰਧੀ ਵਿਰੋਧੀ ਧਿਰ ਦੇ ਨੇਤਾਵਾਂ ਨੇ ਸਰਕਾਰ ਅਤੇ ਸੰਘ ਮੁਖੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਮਹਾਰਾਸ਼ਟਰ ਵਿਚ ਸ਼ਿਵ ਸੈਨਾ (ਯੂ. ਬੀ. ਟੀ.) ਦੇ ਬੁਲਾਰੇ ਆਨੰਦ ਦੂਬੇ ਨੇ ਕਿਹਾ ਕਿ ਮਣੀਪੁਰ ਇਕ ਸਾਲ ਤੋਂ ਸ਼ਾਂਤੀ ਦੀ ਉਡੀਕ ਕਰ ਰਿਹਾ ਹੈ। ਮੋਹਨ ਭਾਗਵਤ ਨੂੰ ਇਹ ਗੱਲ ਅੱਜ ਹੀ ਸਮਝ ਆਈ ਹੈ। ਇਸ ਦੇ ਨਾਲ ਹੀ ਸ਼ਿਵ ਸੈਨਾ (ਯੂ. ਬੀ. ਟੀ.) ਦੇ ਬੁਲਾਰੇ ਨੇ ਸਵਾਲ ਪੁੱਛਦੇ ਹੋਏ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਕੇਂਦਰ ’ਚ ਬੈਠੀ ਡਬਲ ਇੰਜਣ ਵਾਲੀ ਸਰਕਾਰ ਨੂੰ ਇਸ ਮੁੱਦੇ ’ਤੇ ਧਿਆਨ ਦੇਣ ਦੀ ਮੰਗ ਕਰਦੇ ਆ ਰਹੇ ਹਾਂ ਪਰ ਮਣੀਪੁਰ ਦੇ ਸੰਬੰਧ ’ਚ ਕੁਝ ਨਹੀਂ ਕੀਤਾ ਗਿਆ। ਹੁਣ ਤੁਸੀਂ ਦੱਸੋ ਕਿ ਮਣੀਪੁਰ ਦਾ ਧਿਆਨ ਰੱਖਣਾ ਜਾਣਾ ਚਾਹੀਦਾ ਹੈ ਜਾਂ ਨਹੀਂ।

ਸੰਘ ਮੁਖੀ ਭਾਗਵਤ ਦੇ ਮਣੀਪੁਰ ਬਾਰੇ ਬਿਆਨ ’ਤੇ ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਊਧਵ ਧੜੇ ਦੇ ਸ਼ਿਵ ਸੈਨਾ ਆਗੂ ਰਾਊਤ ਨੇ ਕਿਹਾ ਕਿ ਸਰਕਾਰ ਤਾਂ ਉਨ੍ਹਾਂ ਦੇ ਆਸ਼ੀਰਵਾਦ ਨਾਲ ਹੀ ਚੱਲ ਰਹੀ ਹੈ, ਬੋਲਣ ਨਾਲ ਕੀ ਹੁੰਦਾ ਹੈ? ਇਸ ਦੇ ਨਾਲ ਹੀ ਐੱਨ. ਸੀ. ਪੀ. (ਸ਼ਰਦ ਪਵਾਰ ਧੜੇ) ਦੀ ਨੇਤਾ ਸੁਪ੍ਰੀਆ ਸੁਲੇ ਨੇ ਕਿਹਾ ਕਿ ਉਹ ਭਾਗਵਤ ਦੇ ਬਿਆਨ ਦਾ ਸਵਾਗਤ ਕਰਦੀ ਹੈ ਕਿਉਂਕਿ ਮਣੀਪੁਰ ਭਾਰਤ ਦਾ ਹਿੱਸਾ ਹੈ।

ਜਦੋਂ ਅਸੀਂ ਆਪਣੇ ਲੋਕਾਂ ਨੂੰ ਇੰਨਾ ਦੁਖ ਸਹਿੰਦੇ ਹੋਏ ਦੇਖਦੇ ਹਾਂ, ਤਾਂ ਸਾਰਿਆਂ ਲਈ ਪ੍ਰੇਸ਼ਾਨ ਕਰਨ ਵਾਲਾ ਹੁੰਦਾ ਹੈ। ਸੁਲੇ ਨੇ ਕਿਹਾ ਕਿ ਮਣੀਪੁਰ ਨੂੰ ਭਰੋਸਾ ਦਿਵਾਉਣਾ ਚਾਹੀਦਾ ਹੈ ਕਿ ਬੰਦੂਕਾਂ ਹੀ ਹੱਲ ਨਹੀਂ ਹਨ। ਕਾਂਗਰਸ ਨੇਤਾ ਗੌਰਵ ਗੋਗੋਈ ਨੇ ਕਿਹਾ ਹੈ ਕਿ ਮੈਨੂੰ ਉਮੀਦ ਨਹੀਂ ਹੈ ਕਿ ਪ੍ਰਧਾਨ ਮੰਤਰੀ ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਦੀਆਂ ਗੱਲਾਂ ’ਤੇ ਕੋਈ ਧਿਆਨ ਦੇਣਗੇ। ਮੋਦੀ ਮਣੀਪੁਰ ਤੋਂ ਦੂਰ ਰਹਿਣਗੇ, ਲਾਅ ਇਨਫੋਰਸਮੈਂਟ ਏਜੰਸੀਆਂ ਦੀ ਦੁਰਵਰਤੋਂ ਕਰਨਗੇ ਅਤੇ ਭਾਰਤੀ ਸੰਵਿਧਾਨ ਨੂੰ ਤੋੜਨ ਦੀ ਕੋਸ਼ਿਸ਼ ਕਰਨਗੇ।


Rakesh

Content Editor

Related News