ਭਾਜਪਾ ’ਚ ਅਣਸੁਣੀ ਕੌੜੀ ਲੜਾਈ ਸ਼ੁਰੂ
Saturday, Aug 03, 2024 - 05:07 PM (IST)
ਨਵੀਂ ਦਿੱਲੀ- ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤੇ ਭਾਜਪਾ ਹਾਈ ਕਮਾਂਡ ਵਿਚਾਲੇ ਚੱਲ ਰਹੀ ਲੜਾਈ ਦਾ ਅਜੇ ਕਿਸੇ ਨਤੀਜੇ ’ਤੇ ਪਹੁੰਚਣਾ ਬਾਕੀ ਹੈ।
ਅਜਿਹਾ ਲਗਦਾ ਹੈ ਕਿ ਇਹ ਕੁੜੱਤਣ ਇਕ ਨਵੇਂ ਪੱਧਰ ’ਤੇ ਪਹੁੰਚ ਗਈ ਹੈ ਜਿੱਥੇ ਗੱਲਬਾਤ ਦੀ ਕੋਈ ਗੁੰਜਾਇਸ਼ ਬਾਕੀ ਨਹੀਂ ਰਹੀ। ਯੋਗੀ ਨੀਤੀ ਆਯੋਗ ਦੀ ਮੀਟਿੰਗ ’ਚ ਸ਼ਾਮਲ ਹੋਣ ਲਈ ਦਿੱਲੀ ਆਏ ਸਨ। ਉਮੀਦ ਸੀ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਪ੍ਰਧਾਨ ਜੇ. ਪੀ. ਨੱਡਾ ਸਮੇਤ ਪਾਰਟੀ ਹਾਈ ਕਮਾਂਡ ਦੇ ਆਗੂਆਂ ਨਾਲ ਮੁਲਾਕਾਤ ਕਰਨਗੇ।
ਕਿਉਂਕਿ ਯੋਗੀ ਤੇ ਦੋਵਾਂ ਉਪ ਮੁੱਖ ਮੰਤਰੀਆਂ ਕੇਸ਼ਵ ਪ੍ਰਸਾਦ ਮੌਰਿਆ ਤੇ ਬ੍ਰਜੇਸ਼ ਪਾਠਕ ਵਿਚਾਲੇ ਕੋਈ ਗਲਬਾਤ ਨਹੀਂ ਹੈ, ਇਸ ਲਈ ਉਮੀਦ ਕੀਤੀ ਜਾਂਦੀ ਸੀ ਕਿ ਉਹ ਆਪਣੇ ਸੂਬੇ ਵਿਚ ਵਿਵਸਥਾ ਬਹਾਲ ਕਰਨ ਦੇ ਮੌਕੇ ਦਾ ਫਾਇਦਾ ਉਠਾਉਣਗੇ ਪਰ ਅਜਿਹਾ ਕੁਝ ਨਹੀਂ ਹੋਇਆ।
ਇਸ ਦੇ ਉਲਟ ਇਕ ਵੀਡੀਓ ਵਾਇਰਲ ਹੋਈ ਹੈ ਜੋ ਪਾਰਟੀ ਵਿਚ ਏਕਤਾ ਦੀ ਘਾਟ ਨੂੰ ਦਰਸਾਉਂਦੀ ਹੈ। ਨੱਡਾ ਨੇ ਪਾਰਟੀ ਦੇ ਮੁੱਖ ਮੰਤਰੀਆਂ ਤੇ ਉਪ ਮੁੱਖ ਮੰਤਰੀਆਂ ਦੀ ਮੀਟਿੰਗ ਬੁਲਾਈ ਸੀ ਜਿਸ ਨੂੰ ਮੋਦੀ ਅਤੇ ਹੋਰ ਨੇਤਾਵਾਂ ਨੇ ਸੰਬੋਧਨ ਕੀਤਾ ਸੀ।
ਵੀਡੀਓ ’ਚ ਵਿਖਾਇਆ ਗਿਆ ਹੈ ਕਿ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਯੋਗੀ ਦੇ ਕੋਲੋਂ ਲੰਘੇ ਤਾਂ ਸ਼ਾਹ ਨੇ ਉਨ੍ਹਾਂ ਨੂੰ ਨਮਸਤੇ ਨਹੀਂ ਕੀਤੀ ਪਰ ਯੋਗੀ ਪੂਰੀ ਨਿਮਰਤਾ ਤੇ ਸ਼ਿਸ਼ਟਾਚਾਰ ਨਾਲ ਸ਼ਾਹ ਦੇ ਪਿੱਛੇ ਖੜ੍ਹੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਸਵਾਗਤ ਕਰਦੇ ਨਜ਼ਰ ਆਏ।
ਉਨ੍ਹਾਂ ਜੇ.ਪੀ. ਨੱਡਾ ਦਾ ਵੀ ਅਭਿਵਾਦਨ ਨਹੀਂ ਕੀਤਾ। ਘੱਟੋ ਘੱਟ ਵੀਡੀਓ ’ਚ ਤਾਂ ਇਹੀ ਵਿਖਾਈ ਦਿੱਤਾ ਜਿਸ ਦੀ ਪ੍ਰਮਾਣਿਕਤਾ ਦੀ ਨਾ ਤਾਂ ਪੁਸ਼ਟੀ ਕੀਤੀ ਗਈ ਹੈ ਅਤੇ ਨਾ ਹੀ ਖੰਡਨ। ਇਸ ਨਾਲ ਇਕ ਤਰ੍ਹਾਂ ਹਲਚਲ ਮਚ ਗਈ। ਪਾਰਟੀ ’ਚ ਅਜਿਹੇ ਮਤਭੇਦ ਪਹਿਲਾਂ ਕਦੇ ਨਹੀਂ ਵੇਖੇ ਗਏ ਸਨ।
ਇਸ ਕੌੜੇ ਕਾਂਡ ’ਤੇ ਅੰਤਮ ਸ਼ਬਦ ਲਿਖਿਆ ਜਾਣਾ ਅਜੇ ਬਾਕੀ ਹੈ ਕਿਉਂਕਿ ਮੌਰੀਆ ਹਮਲਾਵਰ ਰਹਿੰਦੇ ਹਨ ਤੇ ਯੋਗੀ ਡਟੇ ਰਹਿੰਦੇ ਹਨ।