ਜੰਮੂ ਦੇ ਕਈ ਇਲਾਕਿਆਂ ''ਚ ਬਿਨਾਂ ਫਟੇ ਗੋਲੇ ਮਿਲੇ, ਫ਼ੌਜ ਨੇ ਕੀਤੇ ਨਕਾਰਾ
Monday, May 12, 2025 - 03:54 PM (IST)

ਸ਼੍ਰੀਨਗਰ- ਜੰਮੂ-ਕਸ਼ਮੀਰ ਪੁਲਸ ਨੇ ਬਾਰਾਮੂਲਾ ਜ਼ਿਲ੍ਹੇ ਦੇ ਉੜੀ ਸੈਕਟਰ ਦੇ 6 ਸਰਹੱਦੀ ਪਿੰਡਾਂ ਦੇ ਵਸਨੀਕਾਂ ਨੂੰ ਹਾਲ ਹੀ 'ਚ ਸਰਹੱਦ ਪਾਰ ਤੋਂ ਹੋਈ ਗੋਲੀਬਾਰੀ ਤੋਂ ਬਾਅਦ ਬਿਨਾਂ ਫਟੇ ਗੋਲਿਆਂ ਨੂੰ ਸਫਲਤਾਪੂਰਵਕ ਨਕਾਰਾ ਕਰਨ ਤੋਂ ਬਾਅਦ ਆਪਣੇ ਘਰਾਂ ਨੂੰ ਵਾਪਸ ਜਾਣ ਦੀ ਇਜਾਜ਼ਤ ਦਿੱਤੀ। ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਜ਼ਿਲ੍ਹੇ ਦੇ 17 ਸਥਾਨਾਂ 'ਤੇ ਘੱਟੋ-ਘੱਟ 20 ਬਿਨਾਂ ਫਟੇ ਗੋਲਿਆਂ ਦੀਆਂ ਰਿਪੋਰਟਾਂ ਮਿਲੀਆਂ ਹਨ। ਉੜੀ ਸੈਕਟਰ ਦੇ 6 ਪਿੰਡਾਂ- ਕਮਲਕੋਟ, ਮਧਾਨ, ਗੌਹਲਾਨ, ਸਲਾਮਾਬਾਦ (ਬਿਜਹਾਮਾ), ਗੈਂਗਰਹਿਲ ਅਤੇ ਗਵਾਲਟਾ 'ਚ ਸੱਤ ਬਿਨਾਂ ਫੱਟੇ ਹੋਏ ਗੋਲੇ ਮਿਲੇ ਹਨ ਅਤੇ ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਨਕਾਰਾ ਕਰ ਦਿੱਤਾ ਗਿਆ ਹੈ।
ਜ਼ਿਲ੍ਹਾ ਪ੍ਰਸ਼ਾਸਨ ਨੇ ਮੁਹਿੰਮ ਤੋਂ ਬਾਅਦ ਇਨ੍ਹਾਂ 6 ਪਿੰਡਾਂ ਤੋਂ ਭੇਜੇ ਗਏ ਲੋਕਾਂ ਨੂੰ ਘਰ ਵਾਪਸ ਜਾਣ ਦੀ ਹਰੀ ਝੰਡੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ 'ਚ ਅਜੇ ਵੀ ਹੋਰ ਬਿਨਾਂ ਫਟੇ ਹੋਏ ਗੋਲੇ ਹੋ ਸਕਦੇ ਹਨ, ਜਿਨ੍ਹਾਂ ਦੀ ਰਿਪੋਰਟ ਨਹੀਂ ਕੀਤੀ ਗਈ ਹੈ ਜਾਂ ਸੁਰੱਖਿਆ ਬਲਾਂ ਦੇ ਧਿਆਨ 'ਚ ਨਹੀਂ ਆਏ ਹਨ। ਫ਼ੌਜ ਨੇ ਕਿਹਾ ਕਿ ਇਹ ਬਿਨਾਂ ਫਟੇ ਗੋਲੇ ਜਾਨੀ-ਮਾਲੀ ਲਈ ਗੰਭੀਰ ਖ਼ਤਰਾ ਪੈਦਾ ਕਰਦੇ ਹਨ। ਸਾਰੇ ਨਾਗਰਿਕਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਲਈ ਸਾਰਿਆਂ ਨੂੰ ਲਾਜ਼ਮੀ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਪੁਲਸ ਨੇ ਵਸਨੀਕਾਂ ਨੂੰ ਸਲਾਹ ਦਿੱਤੀ ਕਿ ਉਹ ਕਿਸੇ ਵੀ ਸ਼ੱਕੀ ਵਸਤੂ ਜਿਵੇਂ ਕਿ ਵਿਸਫੋਟਕ ਸ਼ੈੱਲ ਜਾਂ ਯੰਤਰ ਦੇ ਨੇੜੇ ਨਾ ਜਾਣ, ਛੂਹਣ, ਛੇੜਛਾੜ ਕਰਨ ਜਾਂ ਲਿਜਾਣ ਦੀ ਕੋਸ਼ਿਸ਼ ਨਾ ਕਰਨ।
ਉਨ੍ਹਾਂ ਨੇ ਵਸਨੀਕਾਂ ਨੂੰ ਇਹ ਵੀ ਕਿਹਾ ਕਿ ਉਹ ਅਜਿਹੀ ਕਿਸੇ ਵੀ ਵਸਤੂ ਜਾਂ ਸ਼ੱਕੀ ਵਸਤੂ ਦੀ ਤੁਰੰਤ ਪੁਲਸ ਨੂੰ ਰਿਪੋਰਟ ਕਰਨ ਜਾਂ ਨਜ਼ਦੀਕੀ ਸੁਰੱਖਿਆ ਬਲ ਦੇ ਕਰਮੀਆਂ ਨੂੰ ਸੂਚਿਤ ਕਰਨ। ਉਨ੍ਹਾਂ ਨੇ ਇਹ ਵੀ ਸਲਾਹ ਦਿੱਤੀ ਕਿ ਉਹ ਕਿਸੇ ਵੀ ਅਜਿਹੇ ਖੇਤਰ ਦੇ ਨੇੜੇ ਜਾਣ ਤੋਂ ਬਚਣ, ਜਿੱਥੇ ਅਜਿਹੀਆਂ ਵਸਤੂਆਂ ਵੇਖੀਆਂ ਜਾਂ ਰਿਪੋਰਟ ਕੀਤੀਆਂ ਗਈਆਂ ਹਨ।