ਵੱਡਾ ਹਾਦਸਾ : ਰੇਲਵੇ ਸਟੇਸ਼ਨ ਦਾ ਡਿੱਗਾ ਲੈਂਟਰ, ਕਈ ਦੱਬੇ
Saturday, Jan 11, 2025 - 04:49 PM (IST)
ਕੰਨੌਜ- ਰੇਲਵੇ ਸਟੇਸ਼ਨ 'ਤੇ ਅੰਮ੍ਰਿਤ ਭਾਰਤ ਯੋਜਨਾ ਤਹਿਤ ਉਸਾਰੀ ਅਧੀਨ ਦੋ ਮੰਜ਼ਿਲਾ ਭਵਨ ਦਾ ਲੈਂਟਰ ਢਹਿਣ ਕਾਰਨ ਰੇਲਵੇ ਦੇ ਕਈ ਕਰਮੀ ਅਤੇ ਮਜ਼ਦੂਰ ਮਲਬੇ ਹੇਠਾਂ ਦੱਬੇ ਗਏ। ਇਹ ਹਾਦਸਾ ਉੱਤਰ ਪ੍ਰਦੇਸ਼ ਦੇ ਕੰਨੌਜ ਵਿਚ ਵਾਪਰਿਆ। ਇਸ ਹਾਦਸੇ ਮਗਰੋਂ ਸਟੇਸ਼ਨ 'ਤੇ ਹਫੜਾ-ਦਫੜੀ ਮਚ ਗਈ। ਪੁਲਸ ਮੁਤਾਬਕ ਮਲਬੇ ਹੇਠਾਂ ਕਈ ਮਜ਼ਦੂਰਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ। ਮੌਕੇ 'ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ।
ਮਲਬੇ ਹੇਠੋਂ ਕੱਢੇ ਗਏ 6 ਮਜ਼ਦੂਰ
ਤੁਰੰਤ ਬਚਾਅ ਮੁਹਿੰਮ ਸ਼ੁਰੂ ਕਰ ਕੇ 6 ਜ਼ਖ਼ਮੀ ਮਜ਼ਦੂਰਾਂ ਨੂੰ ਮਲਬੇ ਹੇਠੋਂ ਬਾਹਰ ਕੱਢਿਆ ਗਿਆ ਹੈ। ਹਾਦਸੇ ਮਗਰੋਂ ਸਟੇਸ਼ਨ 'ਤੇ ਮੌਜੂਦ ਯਾਤਰੀਆਂ 'ਚ ਭਾਜੜ ਮਚ ਗਈ। ਮੌਕੇ 'ਤੇ ਅਧਿਕਾਰੀਆਂ ਨੇ ਆ ਕੇ ਜਾਂਚ ਪੜਤਾਲ ਸ਼ੁਰੂ ਕੀਤੀ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ। ਕੰਨੌਜ ਦੇ ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਇਹ ਇਕ ਗੰਭੀਰ ਹਾਦਸਾ ਹੈ। ਤਰਜੀਹ ਸਾਰੇ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਹੈ। ਹਾਦਸੇ ਦੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਰਾਹਤ ਅਤੇ ਬਚਾਅ ਕੰਮ ਜਾਰੀ
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਰਾਸ਼ਟਰੀ ਆਫ਼ਤ ਰਿਸਪਾਂਸ ਫੋਰਸ (ਐਨਡੀਆਰਐਫ) ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਦੀਆਂ ਟੀਮਾਂ ਵੀ ਰਾਹਤ ਕਾਰਜਾਂ ਵਿਚ ਲੱਗੀਆਂ ਹੋਈਆਂ ਹਨ। ਹੁਣ ਤੱਕ 6 ਮਜ਼ਦੂਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ, ਜਦਕਿ 20 ਦੇ ਕਰੀਬ ਮਜ਼ਦੂਰ ਅਜੇ ਵੀ ਮਲਬੇ ਹੇਠ ਦੱਬੇ ਹੋਏ ਹਨ। ਜ਼ਖਮੀਆਂ ਨੂੰ ਨਜ਼ਦੀਕੀ ਜ਼ਿਲਾ ਹਸਪਤਾਲ ਅਤੇ ਕਾਨਪੁਰ ਦੇ ਹਾਲਟ ਹਸਪਤਾਲ ਭੇਜਿਆ ਗਿਆ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।