ਬੇਕਾਬੂ ਕਾਰ ਨੇ 3 ਲੋਕਾਂ ਨੂੰ ਦਰੜਿਆ, ਗੁੱਸੇ ''ਚ ਆਈ ਭੀੜ ਨੇ ਦੌੜਾ-ਦੌੜਾ ਕੇ ਕੁੱਟਿਆ ਡਰਾਈਵਰ

Saturday, Sep 21, 2024 - 10:33 AM (IST)

ਲਖਨਊ- ਉੱਤਰ ਪ੍ਰਦੇਸ਼ ਦੇ ਲਖਨਊ 'ਚ ਇਕ ਕ੍ਰੇਟਾ ਕਾਰ ਨੇ ਤਿੰਨ ਲੋਕਾਂ ਨੂੰ ਕੁਚਲ ਦਿੱਤਾ। ਪਹਿਲਾ ਕਾਰ ਸਵਾਰ ਨੇ ਇਕ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਅਤੇ ਦੌੜ ਗਿਆ। ਫਿਰ ਘੰਟਾਘਰ ਕੋਲ ਕਾਰ ਸਵਾਰ ਨੇ ਤਿੰਨ ਲੋਕਾਂ ਨੂੰ ਕੁਚਲ ਦਿੱਤਾ। ਲੋਕਾਂ ਨੇ ਕਾਰ ਨੂੰ ਦੌੜਾਇਆ ਤਾਂ ਕਾਰ ਨੇ ਇਕ ਈ-ਰਿਕਸ਼ਾ ਵਿਚ ਟੱਕਰ ਮਾਰ ਦਿੱਤੀ। ਗੁੱਸੇ 'ਚ ਆਏ ਲੋਕਾਂ ਨੇ ਗਲੀ 'ਚ ਕਾਰ ਨੂੰ ਘੇਰ ਲਿਆ। ਇਸ ਤੋਂ ਬਾਅਦ ਕਾਰ ਡਰਾਈਵਰ ਦੀ ਕੁੱਟਮਾਰ ਕੀਤੀ ਅਤੇ ਕਾਰ ਨੂੰ ਵੀ ਤੋੜ ਦਿੱਤਾ। ਸੂਚਨਾ ਮਿਲਦੇ ਹੀ ਮੌਕੇ 'ਤੇ ਭਾਰੀ ਪੁਲਸ ਫੋਰਸ ਪਹੁੰਚ ਗਈ। ਪੁਲਸ ਨੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਅਤੇ ਡਰਾਈਵਰ ਨੂੰ ਵੀ ਭੀੜ ਤੋਂ ਬਚਾਇਆ। 

ਜਾਣੋ ਕੀ ਹੈ ਪੂਰਾ ਮਾਮਲਾ

ਇਹ ਪੂਰਾ ਮਾਮਲਾ ਠਾਕੁਰਗੰਜ ਥਾਣੇ ਦੇ ਅਧੀਨ ਹੁਸੈਨਾਬਾਦ ਦਾ ਹੈ। ਪੁਲਸ ਅਨੁਸਾਰ ਰਾਤ 11:15 ਵਜੇ ਇਕ ਤੇਜ਼ ਰਫ਼ਤਾਰ ਕਾਰ ਚਾਲਕ ਆਯੂਸ਼ਮਾਨ ਉਪਾਧਿਆਏ ਵਾਸੀ ਪਾਰਾ ਨੇ ਰੂਮੀ ਗੇਟ ਨੇੜੇ ਇਕ ਪੈਦਲ ਜਾ ਰਹੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਜਦੋਂ ਲੋਕਾਂ ਨੇ ਕਾਰ ਦਾ ਪਿੱਛਾ ਕੀਤਾ ਤਾਂ ਕਾਰ ਚਾਲਕ ਤੇਜ਼ੀ ਨਾਲ ਉਥੋਂ ਭੱਜ ਗਿਆ। ਦੌੜਦਾ ਹੋਇਆ ਉਹ ਠਾਕੁਰਗੰਜ ਕਲਾਕ ਟਾਵਰ ਕੋਲ ਪਹੁੰਚ ਗਿਆ। ਉਸ ਸਮੇਂ ਉੱਥੇ ਭਾਰੀ ਭੀੜ ਇਕੱਠੀ ਹੋ ਗਈ। ਭੱਜਣ ਦੀ ਕੋਸ਼ਿਸ਼ ਦੌਰਾਨ ਕਾਰ ਚਾਲਕ ਨੇ ਤਿੰਨ ਲੋਕਾਂ ਅਨਵਰ, ਗੁੱਡੂ ਅਤੇ ਫੈਜ਼ਾਨ ਨੂੰ ਕੁਚਲ ਦਿੱਤਾ। ਕਲਾਕ ਟਾਵਰ ਨੇੜੇ ਵਾਪਰੇ ਇਸ ਹਾਦਸੇ ਤੋਂ ਬਾਅਦ ਲੋਕਾਂ ਨੇ ਰੌਲਾ ਪਾਇਆ ਅਤੇ ਕਾਰ ਦਾ ਪਿੱਛਾ ਕੀਤਾ। ਜਦੋਂ ਭੀੜ ਨੇ ਕਾਰ ਚਾਲਕ ਦਾ ਪਿੱਛਾ ਕੀਤਾ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਇਕ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਭੀੜ ਨੇ ਡਰਾਈਵਰ ਨੂੰ ਘੇਰ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਤੋਂ ਬਾਅਦ ਲੋਕਾਂ ਨੇ ਇੱਟਾਂ ਅਤੇ ਪੱਥਰਾਂ ਨਾਲ ਕਾਰ ਦੀ ਭੰਨ-ਤੋੜ ਕੀਤੀ।

ਪੁਲਸ ਨੇ ਮਾਮਲਾ ਕੀਤਾ ਦਰਜ

ਪੁਲਸ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਣ 'ਤੇ ਪਹੁੰਚੀ ਠਾਕੁਰਗੰਜ ਪੁਲਸ ਨੇ ਬੇਕਾਬੂ ਭੀੜ ਨੂੰ ਦੇਖ ਕੇ ਲੋਕਾਂ ਨੂੰ ਡੰਡਿਆਂ ਨਾਲ ਉਥੋਂ ਹਟਾਇਆ ਅਤੇ ਕਾਰ ਚਾਲਕ ਆਯੂਸ਼ਮਾਨ ਉਪਾਧਿਆਏ ਵਾਸੀ ਪਾਰਾ ਨੂੰ ਭੀੜ ਤੋਂ ਬਚਾ ਲਿਆ। ਕਾਰ ਦੀ ਲਪੇਟ 'ਚ ਆਉਣ ਨਾਲ ਜ਼ਖਮੀ ਹੋਏ ਤਿੰਨ ਲੋਕਾਂ ਨੂੰ ਪੁਲਸ ਨੇ ਹਸਪਤਾਲ 'ਚ ਭਰਤੀ ਕਰਵਾਇਆ। ਪੁਲਸ ਦਾ ਕਹਿਣਾ ਹੈ ਕਿ ਕਾਰ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ। ਕਾਰ ਵਿੱਚੋਂ ਇਕ ਸ਼ਰਾਬ ਦੀ ਬੋਤਲ ਮਿਲੀ ਹੈ। ਲੜਾਈ ਦੌਰਾਨ ਕਾਰ ਚਾਲਕ ਵੀ ਜ਼ਖ਼ਮੀ ਹੋ ਗਿਆ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Tanu

Content Editor

Related News