‘ਅੰਕਲ ਤਮੀਜ਼ ਨਾਲ ਗੱਲ ਕਰੋ’ ਕਿਹਾ ਤਾਂ 2 ਲੋਕਾਂ ਨੂੰ ਮਾਰ ਦਿੱਤੀ ਗੋਲੀ

Saturday, Feb 01, 2020 - 10:09 PM (IST)

‘ਅੰਕਲ ਤਮੀਜ਼ ਨਾਲ ਗੱਲ ਕਰੋ’ ਕਿਹਾ ਤਾਂ 2 ਲੋਕਾਂ ਨੂੰ ਮਾਰ ਦਿੱਤੀ ਗੋਲੀ

ਨਵੀਂ ਦਿੱਲੀ (ਨਵੋਦਿਆ ਟਾਈਮਸ)- ਗੋਵਿੰਦਪੁਰੀ ਦੇ ਨਵਜੀਵਨ ਕੈਂਪ ’ਚ ਜਦੋਂ ਇਕ ਅੱਧਖੜ ਉਮਰ ਦਾ ਵਿਅਕਤੀ ਲੋਕਾਂ ਨਾਲ ਬਦਤਮੀਜ਼ੀ ਨਾਲ ਗੱਲ ਕਰ ਰਿਹਾ ਸੀ ਤਾਂ ਉਥੇ ਖੜ੍ਹੇ ਇਕ ਨੌਜਵਾਨ ਨੇ ਕਿਹਾ ਕਿ ਅੰਕਲ ਤਮੀਜ਼ ਨਾਲ ਗੱਲ ਕਰੋ। ਇਸ ਗੱਲ ਤੋਂ ਨਾਰਾਜ਼ ਹਨੀਫ ਨੇ ਪਿਸਤੌਲ ਕੱਢੀ ਤੇ ਅੰਜੂ ਦਾਸ ਅਤੇ ਰਤਨ ਲਾਲ ਨੂੰ ਗੋਲੀ ਮਾਰ ਦਿੱਤੀ। ਦੋਵਾਂ ਨੂੰ ਤੁਰੰਤ ਏਮਜ਼ ’ਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਉਥੇ ਹੀ ਗੋਵਿੰਦਪੁਰੀ ਪੁਲਸ ਨੇ ਕਾਰਵਾਈ ਕਰਦਿਆਂ ਦੋਸ਼ੀ ਹਨੀਫ (50) ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਹੈ।

ਡੀ. ਸੀ. ਪੀ. ਚਿਨਮਯ ਬਿਸਵਾਲ ਨੇ ਦੱਸਿਆ ਕਿ ਹਨੀਫ ਡੀ. ਡੀ. ਏ. ਦੇ ਫਲੈਟ ’ਚ ਰਹਿੰਦਾ ਸੀ। ਉਸ ਦੀ ਨਵਜੀਵਨ ਕੈਂਪ ’ਚ ਝੁੱਗੀ ਹੈ, ਜਿਥੇ ਉਹ ਅਕਸਰ ਕਿਰਾਇਆ ਲੈਣ ਜਾਂਦਾ ਸੀ। 2 ਦਿਨ ਪਹਿਲਾਂ ਵੀ ਉਥੇ ਉਹ ਗਿਆ ਸੀ, ਜਿਥੇ ਅੰਜੂ ਦਾਸ (39) ਅਤੇ ਰਤਨ ਲਾਲ (29) ਨਾਲ ਉਹ ਗੱਲ ਕਰ ਰਿਹਾ ਸੀ। ਇਸੇ ਦੌਰਾਨ ਉਹ ਗਲਤ ਤਰੀਕੇ ਨਾਲ ਉਨ੍ਹਾਂ ਨਾਲ ਗੱਲ ਕਰਨ ਲੱਗਾ। ਇਸ ’ਤੇ ਅੰਜੂ ਦਾਸ ਦੇ ਭਤੀਜੇ ਨੇ ਹਨੀਫ ਨੂੰ ਕਿਹਾ ਕਿ ਅੰਕਲ ਤਮੀਜ਼ ਨਾਲ ਗੱਲ ਕਰੋ। ਇਸ ’ਤੇ ਹਨੀਫ ਇੰਨਾ ਨਾਰਾਜ਼ ਹੋਇਆ ਕਿ ਉਸ ਨੇ ਅੰਜੂ ਦਾਸ ਅਤੇ ਰਤਨ ਲਾਲ ਨੂੰ ਗੋਲੀ ਮਾਰ ਦਿੱਤੀ। ਅੰਜੂ ਦਾਸ ਦੇ ਹੱਥ ’ਚ, ਜਦਕਿ ਰਤਨ ਲਾਲ ਦੇ ਪੈਰ ’ਚ ਗੋਲੀ ਲੱਗੀ।


author

Inder Prajapati

Content Editor

Related News