ਯੂ.ਐੱਨ. ''ਚ ਸੁਸ਼ਮਾ ਦਾ ਜ਼ੋਰਦਾਰ ਭਾਸ਼ਣ, ਇੰਝ ਉਦੇੜੀਆਂ ਪਾਕਿਸਤਾਨ ਦੀਆਂ ਬੱਖੀਆਂ

09/24/2017 1:33:15 PM

ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਮਹਾਸਭਾ ਦੇ 72ਵੇਂ ਸੈਸ਼ਨ ਨੂੰ ਸੰਬੋਧਤ ਕਰਦੇ ਹੋਏ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਨਿਸ਼ਾਨੇ 'ਤੇ ਪਾਕਿਸਤਾਨ ਤੋਂ ਇਲਾਵਾ ਚੀਨ ਅਤੇ ਅਮਰੀਕਾ ਵੀ ਰਹੇ। ਸੁਸ਼ਮਾ ਨੇ ਆਪਣੀ ਗੱਲ ਦੀ ਸ਼ੁਰੂਆਤ ਤਾਂ ਪ੍ਰਧਾਨ ਮੰਤਰੀ ਮੋਦੀ ਵਲੋਂ ਚੁੱਕੇ ਜਾ ਰਹੇ ਵਿਕਾਸ ਕਾਰਜਾਂ ਨੂੰ ਦੱਸਣ ਨਾਲ ਕੀਤੀ ਪਰ ਅੱਤਵਾਦ ਦੇ ਮਸਲੇ 'ਤੇ ਆਉਂਦਿਆਂ-ਆਉਂਦਿਆਂ ਵਿਦੇਸ਼ ਮੰਤਰੀ ਨੇ ਪਾਕਿਸਤਾਨ ਦੀ ਸਖਤੀ ਨਾਲ ਕਲਾਸ ਲਗਾਉਣੀ ਸ਼ੁਰੂ ਕੀਤੀ। ਸੁਸ਼ਮਾ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਜਿਨ੍ਹਾਂ ਸਮੱਸਿਆਵਾਂ ਦਾ ਹੱਲ ਲੱਭ ਰਿਹਾ ਹੈ, ਉਨ੍ਹਾਂ 'ਚ ਅੱਤਵਾਦ ਸਭ ਤੋਂ ਉੱਪਰ ਹੈ।
ਅੱਤਵਾਦ ਚੰਗਾ ਜਾਂ ਬੁਰਾ ਨਹੀਂ ਹੁੰਦਾ—
ਸੁਸ਼ਮਾ ਨੇ ਕਿਹਾ,''ਜੇਕਰ ਅਸੀਂ ਆਪਣੇ ਦੁਸ਼ਮਣਾਂ ਨੂੰ ਪ੍ਰਭਾਸ਼ਿਤ ਨਹੀਂ ਕਰ ਸਕਦੇ ਤਾਂ ਫਿਰ ਮਿਲ ਕੇ ਕਿਵੇਂ ਲੜ ਸਕਦੇ ਹਾਂ? ਜੇਕਰ ਅਸੀਂ ਚੰਗੇ ਤੇ ਬੁਰੇ ਅੱਤਵਾਦੀਆਂ 'ਚ ਫਰਕ ਕਰਨਾ ਜਾਰੀ ਰੱਖਦੇ ਹਾਂ ਤਾਂ ਮਿਲ ਕੇ ਕਿਵੇਂ ਲੜਾਂਗੇ? ਉਨ੍ਹਾਂ ਕਿਹਾ,''ਮੈਂ ਸਭ ਨੂੰ ਅਪੀਲ ਕਰਨਾ ਚਾਹਾਂਗੀ ਕਿ ਇਸ ਬੁਰਾਈ ਨੂੰ ਆਤਮ ਹਾਰ ਦੇ ਤਰੀਕੇ ਨਾਲ ਦੇਖਣਾ ਬੰਦ ਕੀਤਾ ਜਾਵੇ। ਬੁਰਾਈ ਤਾਂ ਸਿਰਫ ਬੁਰਾਈ ਹੀ ਹੁੰਦੀ ਹੈ।''
ਪਾਕਿਸਤਾਨ ਅੱਤਵਾਦ ਪੈਦਾ ਕਰਨ ਲਈ ਖਰਚਦਾ ਹੈ ਪੈਸੈ—
ਸੁਸ਼ਮਾ ਨੇ ਸਵਾਲ ਪੁੱਛਿਆ,''ਅੱਜ ਮੈਂ ਪਾਕਿਸਤਾਨ ਦੇ ਨੇਤਾਵਾਂ ਨੂੰ ਕਹਿਣਾ ਚਾਹਾਂਗੀ ਕਿ ਕੀ ਤੁਸੀਂ ਸੋਚਿਆ ਕਿ ਭਾਰਤ ਤੇ ਪਾਕਿਸਤਾਨ ਇਕੱਠੇ ਆਜ਼ਾਦ ਹੋਏ ਪਰ ਅੱਜ ਭਾਰਤ ਦੀ ਪਛਾਣ ਦੁਨੀਆ 'ਚ ਆਈ.ਟੀ. ਦੀ ਮਹਾਸ਼ਕਤੀ ਦੇ ਰੂਪ 'ਚ ਕਿਉਂ ਹੈ ਇਤੇ ਪਾਕਿਸਤਨ ਦੀ ਅੱਤਵਾਦ ਬਣਾਉਣ ਵਾਲੇ ਦੇਸ਼ ਅਤੇ ਇਕ ਅੱਤਵਾਦੀ ਦੇਸ਼ ਦੀ ਕਿਉਂ ਹੈ?'' ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਾਕਿਸਤਾਨ ਨੇ ਆਪਣੀ ਪਛਾਣ ਇਕ ਅੱਤਵਾਦੀ ਮੁਲਕ ਵਜੋਂ ਬਣਾਈ। ਭਾਰਤ ਨੇ ਡਾਕਟਰ, ਇੰਜੀਨੀਅਰ ਪੈਦਾ ਕੀਤੇ, ਜਦ ਕਿ ਪਾਕਿਸਤਾਨ ਨੇ ਅੱਤਵਾਦੀ ਪੈਦਾ ਕੀਤੇ। ਇਹ ਹੀ ਨਹੀਂ ਉਸ ਨੇ ਅੱਤਵਾਦੀਆਂ ਲਈ ਕੈਂਪ ਬਣਾਏ। ਤੁਸੀਂ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁੰਹਮਦ, ਹਿਜਬੁਲ ਮੁਜਾਹਿਦੀਨ ਅਤੇ ਹੱਕਾਨੀ ਨੈੱਟਵਰਕ ਪੈਦਾ ਕੀਤੇ। ਪਾਕਿਸਤਾਨ ਨੇ ਜੋ ਪੈਸਾ ਅੱਤਵਾਦ 'ਤੇ ਖਰਚ ਕੀਤਾ, ਜੇਕਰ ਉਹ ਆਪਣੇ ਵਿਕਾਸ 'ਤੇ ਖਰਚ ਕਰਦਾ ਤਾਂ ਦੁਨੀਆ ਵਧੇਰੇ ਸੁਰੱਖਿਅਤ ਅਤੇ ਵਧੀਆ ਹੁੰਦੀ। 
ਪਕਿਸਤਾਨ ਨੇ ਦੋਸਤੀ ਦਾ ਹੱਥ ਪਿੱਛੇ ਖਿੱਚਿਆ—
ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿੰਨਾ ਵਲੋਂ ਸ਼ਾਂਤੀ ਅਤੇ ਮਿੱਤਰਤਾ ਦੀ ਬੁਨਿਆਦ 'ਤੇ ਵਿਦੇਸ਼ ਨੀਤੀ ਤਾਮੀਰ ਕੀਤੇ ਜਾਣ ਦੇ ਅੱਬਾਸੀ ਦੇ ਦਾਅਵੇ 'ਤੇ ਸੁਸ਼ਮਾ ਨੇ ਕਿਹਾ ਕਿ ਉਹ ਨਹੀਂ ਜਾਣਦੀ ਕਿ ਜਿੰਨਾ ਨੇ ਕਿਨ੍ਹਾਂ ਸਿਧਾਂਤਾਂ ਦੀ ਪੈਰਵੀ ਕੀਤੀ ਸੀ ਪਰ ਇੰਨਾ ਜ਼ਰੂਰ ਜਾਣਦੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਅਹੁਦਾ ਸੰਭਾਲਣ ਮਗਰੋਂ ਸ਼ਾਂਤੀ ਤੇ ਦੋਸਤੀ ਦਾ ਹੱਥ ਵਧਾਇਆ। ਸੁਸ਼ਮਾ ਸਵਰਾਜ ਨੇ ਸ਼ਿਮਲਾ ਸਮਝੌਤੇ ਅਤੇ ਲਾਹੌਰ ਐਲਾਨਨਾਮੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਹਰ ਮਾਮਲੇ ਨੂੰ ਦੋ-ਪੱਖੀ ਗੱਲਬਾਤ ਰਾਹੀਂ ਸੁਲਝਾਉਣ ਦੀ ਗੱਲ ਹੋਈ ਸੀ ਪਰ ਪਾਕਿਸਤਾਨ ਨੇ ਹਮੇਸ਼ਾ ਇਸ ਦਾ ਉਲੰਘਣ ਕੀਤਾ ਹੈ। ਸੁਸ਼ਮਾ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਨੇ ਦੋਸਤੀ ਦਾ ਹੱਥ ਵਧਾਇਆ ਸੀ ਪਰ ਪਾਕਿਸਤਾਨ ਨੇ ਉਸ ਨੂੰ ਨਹੀਂ ਫੜਿਆ। ਉਨ੍ਹਾਂ ਕਿਹਾ ਕਿ ਅੱਜ ਪਾਕਿਸਤਾਨ ਰਾਸ਼ਟਰੀ ਮੰਚਾਂ 'ਤੇ ਸਾਡੇ ਉੱਪਰ ਇਹ ਦੋਸ਼ ਲਗਾਉਂਦਾ ਹੈ ਕਿ ਅਸੀਂ ਗੱਲਬਾਤ ਬੰਦ ਕਰ ਦਿੱਤੀ ਹੈ ਪਰ ਇਸ ਦੇ ਲਈ ਵੀ ਉਹ ਖੁਦ ਜ਼ਿੰਮੇਵਾਰ ਹੈ। 
ਚੀਨ 'ਤੇ ਵਿੰਨ੍ਹਿਆ ਨਿਸ਼ਾਨਾ—
ਸੁਸ਼ਮਾ ਨੇ ਕਿਹਾ ਕਿ ਅਸੀਂ ਅੱਤਵਾਦ ਦੇ ਸਭ ਤੋਂ ਪੁਰਾਣੇ ਸ਼ਿਕਾਰ ਹਾਂ। ਉਨ੍ਹਾਂ ਨੇ ਇਸ਼ਾਰਿਆਂ-ਇਸ਼ਾਰਿਆਂ ਵਿਚ ਹੀ ਚੀਨ 'ਤੇ ਵੀ ਨਿਸ਼ਾਨਾ ਵਿੰਨ੍ਹਿਆ। ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਚੀਨ ਅੱਤਵਾਦੀ ਮਸੂਦ ਅਜ਼ਹਰ 'ਤੇ ਰੋਕ ਲਗਾਉਣ ਦੀ ਰਾਹ ਵਿਚ ਅੜਿੱਕਾ ਪਾ ਰਿਹਾ ਹੈ ਜੋ ਵਿਸ਼ਵ ਬਰਾਦਰੀ ਦੀ ਸ਼ਾਂਤੀ ਲਈ ਸਹੀ ਨਹੀਂ ਹੈ। ਸੁਸ਼ਮਾ ਨੇ ਕਿਹਾ ਕਿ ਅਸੀਂ ਗਰੀਬੀ ਨਾਲ ਲੜ ਰਹੇ ਹਾਂ ਪਰ ਸਾਡਾ ਗੁਆਂਢੀ ਦੇਸ਼ ਸਾਡੇ ਨਾਲ ਲੜ ਰਿਹਾ ਹੈ। ਅੱਬਾਸੀ ਜਦੋਂ ਬੋਲ ਰਹੇ ਸਨ ਉਦੋਂ ਲੋਕ ਕਹਿ ਰਹੇ ਸਨ, ਦੇਖੋ, ਕੌਣ ਬੋਲ ਰਿਹਾ ਹੈ।
ਅਫਗਾਨਿਸਤਾਨ ਅਤੇ ਬੰਗਲਾਦੇਸ਼ ਵੀ ਪਾਕਿਸਤਾਨ ਤੋਂ ਦੁਖੀ
ਸੁਸ਼ਮਾ ਸਵਰਾਜ ਨੇ ਕਿਹਾ ਕਿ ਸਿਰਫ ਭਾਰਤ ਨਹੀਂ, ਅਫਗਾਨਿਸਤਾਨ ਤੇ ਬੰਗਲਾਦੇਸ਼ ਵੀ  ਪਾਕਿਸਤਾਨ ਦੀ ਵਜ੍ਹਾ ਨਾਲ ਅੱਤਵਾਦ ਨਾਲ ਜੂਝ ਰਹੇ ਹਨ। ਸੁਸ਼ਮਾ ਨੇ ਕਿਹਾ ਕਿ ਇਸ ਦੀ ਇਕ ਹੀ ਵਜ੍ਹਾ ਸੀ ਕਿ ਪਾਕਿਸਤਾਨ ਤੋਂ ਮਿਲਣ ਵਾਲੀਆਂ ਚੁਣੌਤੀਆਂ ਦੇ ਬਾਵਜੂਦ ਭਾਰਤ ਵਿਚ ਆਉਣ ਵਾਲੀਆਂ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਨੇ ਵਿਕਾਸ ਕੀਤਾ ਹੈ।


Related News