ਊਧਵ ਦੇ ਹੈਲੀਕਾਪਟਰ ਦੀ 2 ਵਾਰ ਤਲਾਸ਼ੀ, ਬੋਲੇ-ਮੋਦੀ ਦਾ ਬੈਗ ਚੈੱਕ ਕਰੋ
Tuesday, Nov 12, 2024 - 11:43 PM (IST)
ਮੁੰਬਈ- ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼ਿਵ ਸੈਨਾ (ਊਧਵ ਗੁੱਟ) ਸੁਪਰੀਮੋ ਊਧਵ ਠਾਕਰੇ ਦੇ ਹੈਲੀਕਾਪਟਰ ਦੀ 24 ਘੰਟਿਆਂ ’ਚ ਦੂਜੀ ਵਾਰ ਚੈੱਕਿੰਗ ਹੋਈ। ਊਧਵ ਮੰਗਲਵਾਰ ਨੂੰ ਉਸਮਾਨਾਬਾਦ ’ਚ ਔਸਾ ਸੀਟ ’ਤੇ ਪ੍ਰਚਾਰ ਕਰਨ ਆਏ ਸਨ। ਇਸ ਦੌਰਾਨ ਚੋਣ ਕਮਿਸ਼ਨ ਦੇ ਕਰਮਚਾਰੀਆਂ ਨੇ ਉਨ੍ਹਾਂ ਦੇ ਹੈਲੀਕਾਪਟਰ ਦੀ ਚੈੱਕਿੰਗ ਕੀਤੀ। ਇਸ ਤੋਂ ਪਹਿਲਾਂ 11 ਨਵੰਬਰ ਨੂੰ ਯਵਤਮਾਲ ਦੇ ਵਨੀ ਏਅਰਪੋਰਟ ’ਤੇ ਉਨ੍ਹਾਂ ਦੇ ਬੈਗ ਦੀ ਜਾਂਚ ਕੀਤੀ ਗਈ ਸੀ।
ਚੋਣ ਕਮਿਸ਼ਨ ਦੀ ਕਾਰਵਾਈ ’ਤੇ ਊਧਵ ਠਾਕਰੇ ਨਾਰਾਜ਼ ਹੋ ਗਏ। ਉਨ੍ਹਾਂ ਨੇ ਮੰਗਲਵਾਰ ਨੂੰ ਕਿਹਾ,‘ਪਿਛਲੀ ਵਾਰ ਜਦ ਪੀ. ਐੱਮ. ਮੋਦੀ ਦੇ ਹੈਲੀਕਾਪਟਰ ਦੀ ਤਲਾਸ਼ੀ ਲਈ ਗਈ ਸੀ ਤਾਂ ਉਦੋਂ ਓਡਿਸ਼ਾ ਦੇ ਇਕ ਅਧਿਕਾਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਤੁਸੀਂ ਮੇਰੇ ਬੈਗ ਦੀ ਜਾਂਚ ਕੀਤੀ, ਕੋਈ ਗੱਲ ਨਹੀਂ ਪਰ ਮੋਦੀ ਅਤੇ ਸ਼ਾਹ ਦੇ ਬੈਗ ਦੀ ਵੀ ਜਾਂਚ ਹੋਣੀ ਚਾਹੀਦੀ।’
ਊਧਵ ਨੇ ਅਧਿਕਾਰੀਆਂ ਦੇ ਬੈਗ ਚੈੱਕ ਕਰਨ ਦਾ ਵੀਡੀਓ ਬਣਾਇਆ ਅਤੇ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ। ਊਧਵ ਦੇ ਦੋਸ਼ਾਂ ’ਤੇ ਚੋਣ ਕਮਿਸ਼ਨ ਨੇ ਕਿਹਾ,‘2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਸੱਤਾਧਾਰੀ ਪਾਰਟੀ ਦੇ ਮੁੱਖ ਨੇਤਾਵਾਂ ਦੇ ਹੈਲੀਕਾਪਟਰਾਂ ਦੀ ਤਲਾਸ਼ੀ ਲਈ ਗਈ ਸੀ। 24 ਅਪ੍ਰੈਲ 2024 ਨੂੰ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ ਦੇ ਹੈਲੀਕਾਪਟਰ ਦੀ ਤਲਾਸ਼ੀ ਬਿਹਾਰ ਦੇ ਭਾਗਲਪੁਰ ਜ਼ਿਲੇ ’ਚ ਅਤੇ 21 ਅਪ੍ਰੈਲ 2024 ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹੈਲੀਕਾਪਟਰ ਦੀ ਤਲਾਸ਼ੀ ਬਿਹਾਰ ਦੇ ਕਟਿਹਾਰ ਜ਼ਿਲੇ ’ਚ ਹੋਈ ਸੀ।’