ਦਰਦਨਾਕ ਹਾਦਸਾ; ਕਰੇਨ ਡਿੱਗਣ ਨਾਲ ਦੋ ਮਜ਼ਦੂਰਾਂ ਦੀ ਮੌਤ
Sunday, Dec 29, 2024 - 11:09 AM (IST)
ਰਾਏਪੁਰ- ਛੱਤੀਸਗੜ੍ਹ ਦੇ ਰਾਏਪੁਰ ਦੇ ਸਿਲਤਾਰਾ ਸਥਿਤ ਹਿੰਦੁਸਤਾਨ ਕੋਇਲ ਲਿਮਟਿਡ ਫੈਕਟਰੀ 'ਚ ਕਰੇਨ ਡਿੱਗਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਕਰੇਨ ਡਿੱਗਣ ਨਾਲ ਆਪਰੇਟਰ ਜਤਿੰਦਰ ਸ਼੍ਰੀਵਾਸ ਅਤੇ ਸੋਨੂੰ ਰਾਏ ਹਜ਼ਾਰਾਂ ਟਨ ਲੋਹੇ ਦੇ ਹੇਠਾਂ ਦੱਬ ਗਏ। ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਘਟਨਾ ਹਿੰਦੁਸਤਾਨ ਕੋਇਲਜ਼ ਲਿਮਟਿਡ ਨਾਂ ਦੀ ਫੈਕਟਰੀ 'ਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਬੀਤੀ ਰਾਤ ਵਾਪਰਿਆ। ਘਟਨਾ ਤੋਂ ਬਾਅਦ ਬਚਾਅ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਪੁਲਸ ਪ੍ਰਸ਼ਾਸਨ ਨੇ ਮਲਬਾ ਹਟਾਉਣਾ ਸ਼ੁਰੂ ਕਰ ਦਿੱਤਾ।
ਇਸ ਦੌਰਾਨ ਘਟਨਾ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਫੈਕਟਰੀ ਕਰਮੀਆਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਪ੍ਰਬੰਧਕਾਂ ਵੱਲੋਂ ਦੋਵਾਂ ਦੀ ਮੌਤ ਬਾਰੇ ਸੂਚਿਤ ਨਹੀਂ ਕੀਤਾ ਗਿਆ ਪਰ ਸਾਥੀ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਹਾਦਸੇ ਬਾਰੇ ਜਾਣਕਾਰੀ ਦਿੱਤੀ। ਰਾਤ 2 ਵਜੇ ਤੱਕ ਪਰਿਵਾਰਾਂ ਨੂੰ ਮ੍ਰਿਤਕਾਂ ਨੂੰ ਵੇਖਣ ਨਹੀਂ ਦਿੱਤਾ ਗਿਆ।
ਦੇਰ ਰਾਤ ਤੱਕ ਪੁਲਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਫੈਕਟਰੀ ਮੁਲਾਜ਼ਮਾਂ ਦੇ ਨਾਲ ਮੌਕੇ ’ਤੇ ਮਲਬਾ ਹਟਾਉਣ ਵਿਚ ਜੁੱਟੀਆਂ ਸਨ। ਸਿਟੀ ਦੇ SP ਅਮਨ ਝਾਅ ਨੇ ਕਿਹਾ ਕਿ ਹਾਦਸੇ ਦੇ ਪਿੱਛੇ ਦਾ ਕਾਰਨ ਜਾਂਚ ਦਾ ਵਿਸ਼ਾ ਹੈ। ਦੋ ਲੋਕਾਂ ਦੀ ਮੌਤ ਹੋ ਗਈ ਹੈ। ਪੁਲਸ ਨੇ ਫੈਕਟਰੀ ਪ੍ਰਬੰਧਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।