ਜੰਮੂ ਕਸ਼ਮੀਰ ਦੇ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ ''ਚ 2 ਅੱਤਵਾਦੀ ਢੇਰ

04/06/2022 11:20:58 AM

ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤ੍ਰਾਲ ਇਲਾਕੇ 'ਚ ਬੁੱਧਵਾਰ ਨੂੰ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ 'ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਅੰਸਾਰ ਗਜਵਤੁਲ ਹਿੰਦ ਅਤੇ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਕਸ਼ਮੀਰ 'ਚ ਅਵੰਤੀਪੋਰਾ ਉੱਪ ਜ਼ਿਲ੍ਹੇ ਦੇ ਤ੍ਰਾਲ ਇਲਾਕੇ 'ਚ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਫ਼ੋਰਸਾਂ ਨੇ ਸਾਂਝੇ ਰੂਪ ਨਾਲ ਘੇਰਾਬੰਦੀ ਅਤੇ ਤਲਾਸ਼ ਮੁਹਿੰਮ ਸ਼ੁਰੂ ਕੀਤੀ। ਇਕ ਸੁਰੱਖਿਆ ਅਧਿਕਾਰੀ ਨੇ ਕਿਹਾ,''ਜਿਵੇਂ ਹੀ ਘੇਰਾਬੰਦੀ ਕੀਤੀ ਜਾ ਰਹੀ ਸੀ, ਅੱਤਵਾਦੀਆਂ ਨੇ ਸੁਰੱਖਿਆ ਫ਼ੋਰਸਾਂ ਦੇ ਜਵਾਨਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਹੁਣ ਤੱਕ 2 ਅੱਤਵਾਦੀ ਮਾਰੇ ਗਏ ਹਨ।''

ਪੁਲਸ ਜਨਰਲ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਗਜਵਤ-ਉਲ-ਹਿੰਦ (ਏ.ਜੀ.ਯੂ.ਐੱਚ.) ਦੇ ਸਫ਼ਤ ਮੁਜ਼ੱਫਰ ਸੋਫ਼ੀ ਉਰਫ਼ ਮੁਆਵੀਆ ਅਤੇ ਲਸ਼ਕਰ ਦੇ ਉਮਰ ਤੇਲੀ ਉਰਫ਼ ਤਲਹਾ ਦੇ ਰੂਪ 'ਚ ਹੋਈ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,''ਤ੍ਰਾਲ ਖੇਤਰ 'ਚ ਆਉਣ ਤੋਂ ਪਹਿਲਾਂ ਦੋਵੇਂ ਅੱਤਵਾਦੀ ਸ਼੍ਰੀਨਗਰ ਸ਼ਹਿਰ 'ਚ ਕਈ ਅਪਰਾਧਾਂ 'ਚ ਸ਼ਾਮਲ ਸਨ, ਜਿਸ 'ਚ ਖਾਨਮੋਹ ਸ਼੍ਰੀਨਗਰ 'ਚ ਸਰਪੰਚ (ਸਮੀਰ ਅਹਿਮਦ) ਦੀ ਹਾਲ ਹੀ ਹੋਏ ਕਤਲ ਦਾ ਮਾਮਲਾ ਵੀ ਸ਼ਾਮਲ ਹੈ।'' ਦੱਸਣਯੋਗ ਹੈ ਕਿ ਸਰਪੰਚ ਸਮੀਰ ਅਹਿਮਦ ਭਟ ਦਾ 9 ਮਾਰਚ ਨੂੰ ਸ਼੍ਰੀਨਗਰ ਜ਼ਿਲ੍ਹੇ ਦੇ ਖੋਨਮੋਹ 'ਚ ਕਤਲ ਕਰ ਦਿੱਤਾ ਗਿਆ ਸੀ। ਕੁਝ ਦਿਨਾਂ ਬਾਅਦ ਪੁਲਸ ਨੇ ਕਿਹਾ ਸੀ ਕਿ 16 ਮਾਰਚ ਨੂੰ ਸ਼੍ਰੀਨਗਰ ਦੇ ਬਾਹਰੀ ਇਲਾਕੇ ਨੌਗਾਮ 'ਚ ਇਕ ਮੁਕਾਬਲੇ 'ਚ ਮਾਰੇ ਗਏ ਤਿੰਨ ਅੱਤਵਾਦੀ ਸਮੀਰ ਦੇ ਕਤਲ 'ਚ ਸ਼ਾਮਲ ਸਨ।


DIsha

Content Editor

Related News