ਜੰਮੂ ਕਸ਼ਮੀਰ : ਕੁਲਗਾਮ ’ਚ ਮੁਕਾਬਲੇ ਦੌਰਾਨ ਸੁਰੱਖਿਆ ਫ਼ੋਰਸਾਂ ਨੇ ਅਲ ਬਦਰ ਦੇ 2 ਅੱਤਵਾਦੀ ਕੀਤੇ ਢੇਰ
Monday, Jan 10, 2022 - 10:41 AM (IST)
ਸ਼੍ਰੀਨਗਰ- ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਹਸਨਪੋਰਾ ਖੇਤਰ ’ਚ ਸੁਰੱਖਿਆ ਫ਼ੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ ’ਚ ਅੱਤਵਾਦੀ ਸੰਗਠਨ ਅਲ ਬਦਰ ਦੇ 2 ਸਥਾਨਕ ਅੱਤਵਾਦੀ ਮਾਰੇ ਗਏ। ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਕੁਲਗਾਮ ਹਸਨਪੋਰਾ ਪਿੰਡ ’ਚ ਐਤਵਾਰ ਸ਼ਾਮ ਅੱਤਵਾਦੀਆਂ ਵਿਰੁੱਧ ਸਾਂਝੀ ਤਲਾਸ਼ ਮੁਹਿੰਮ ਸ਼ੁਰੂ ਕੀਤੀ ਗਈ। ਇਕ ਪੁਲਸ ਅਧਿਕਾਰੀ ਨੇ ਕਿਹਾ,‘‘ਤਲਾਸ਼ ਮੁਹਿੰਮ ਦੌਰਾਨ ਸੁਰੱਖਿਆ ਫ਼ੋਰਸਾਂ ਦੇ ਜਵਾਨਾਂ ਦਾ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ। ਮੁਕਾਬਲੇ ’ਚ ਅੱਤਵਾਦੀ ਸੰਗਠਨ ਅਲ ਬਦਰ ਦੇ 2 ਸਥਾਨਕ ਅੱਤਵਾਦੀ ਮਾਰੇ ਗਏ।’’
ਇਹ ਵੀ ਪੜ੍ਹੋ : ਬਜਟ ਸੈਸ਼ਨ ਤੋਂ ਪਹਿਲਾਂ 400 ਤੋਂ ਵੱਧ ਸੰਸਦ ਕਰਮੀ ਨਿਕਲੇ ਕੋਰੋਨਾ ਪਾਜ਼ੇਟਿਵ, ਦਫ਼ਤਰ ਆਉਣ ’ਤੇ ਰੋਕ
ਕਸ਼ਮੀਰ ਖੇਤਰ ਦੇ ਪੁਲਸ ਜਨਰਲ ਇੰਸਪੈਕਟਰ ਵਿਜੇ ਕੁਮਾਰ ਨੇ ਕਿਹਾ,‘‘ਮਾਰੇ ਗਏ ਅੱਤਵਾਦੀਆਂ ’ਚੋਂ ਇਕ ਦੀ ਪਛਾਣ ਇਮਾਦ ਵਾਨੀ ਦੇ ਰੂਪ ’ਚ ਹੋਈ। ਉਹ 19 ਨਵੰਬਰ 2021 ਨੂੰ ਪੁਲਵਾਮਾ ’ਚ ਪੁਲਸ ਕਰਮੀ ਮੁਸ਼ਤਾਕ ਵਾਗੇ ’ਤੇ ਹਮਲੇ ਦੀ ਵਾਰਦਾਤ ’ਚ ਸ਼ਾਮਲ ਸੀ, ਜਿਸ ’ਚ ਸ਼੍ਰੀ ਵਾਗੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ।’’ ਦੱਸਣਯੋਗ ਹੈ ਕਿ ਕਸ਼ਮੀਰ ’ਚ ਪਿਛਲੇ ਕੁਝ ਹਫ਼ਤੇ ’ਚ ਮੁਕਾਬਲੇ ਦੀਆਂ ਘਟਨਾਵਾਂ ’ਚ ਕਾਫ਼ੀ ਵਾਧਾ ਹੋਇਆ ਹੈ। ਇਸ ਸਾਲ ਲਸ਼ਕਰ-ਏ-ਤੋਇਬਾ ਅਤੇ ਜੈਸ਼ ਏ ਮੁਹੰਮਦ ਦੇ ਕਮਾਂਡਰਾਂ ਨਾਲ 13 ਅੱਤਵਾਦੀ ਮਾਰੇ ਗਏ ਹਨ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ