ਹਿਮਾਚਲ ਪ੍ਰਦੇਸ਼ : ਠੰਡ ਕਾਰਨ ਗਈ 2 ਲੋਕਾਂ ਦੀ ਜਾਨ

03/04/2024 6:09:49 PM

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ 'ਚ ਬਰਫ਼ਬਾਰੀ ਅਤੇ ਮੀਂਹ ਤੋਂ ਬਾਅਦ ਪੂਰਾ ਪ੍ਰਦੇਸ਼ ਠੰਡ ਦੀ ਲਪੇਟ 'ਚ ਆ ਗਿਆ ਹੈ। ਅਜਿਹੇ 'ਚ ਖੁੱਲ੍ਹੇ ਆਸਮਾਨ ਹੇਠਾਂ ਰਹਿਣ ਵਾਲਿਆਂ ਲਈ ਠੰਡ ਜਾਨਲੇਵਾ ਬਣਦੀ ਜਾ ਰਹੀ ਹੈ। ਕੜਾਕੇ ਦੀ ਠੰਡ ਵਿਚਾਲੇ ਰਾਜਧਾਨੀ ਸ਼ਿਮਲਾ ਸ਼ਹਿਰ 'ਚ 2 ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਹੈ। ਪੁਲਸ ਅਨੁਸਾਰ ਇਕ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ, ਜਦੋਂ ਕਿ ਦੂਜਾ ਮੰਡੀ ਜ਼ਿਲ੍ਹੇ ਦਾ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਨੇ ਸ਼ਰਾਬ ਦਾ ਸੇਵਨ ਕੀਤਾ ਸੀ ਅਤੇ ਬਾਹਰ ਰਹਿਣ ਕਾਰਨ ਠੰਡ ਨਾਲ ਇਨ੍ਹਾਂ ਦੀ ਮੌਤ ਹੋ ਗਈ। ਪੁਲਸ ਨੇ ਦੋਹਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ ਹੈ, ਜਿਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤਾਂ ਕਿ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇ।

ਇਹ ਦੋਵੇਂ ਲਾਸ਼ਾਂ ਸਦਰ ਥਾਣਾ ਪੁਲਸ ਸ਼ਿਮਲਾ ਦੇ ਅਧੀਨ ਮਿਲੀਆਂ ਹਨ। ਪੁਲਸ ਅਨੁਸਾਰ ਸੂਚਨਾ ਮਿਲੀ ਕਿ ਪੋਸਟ ਆਫ਼ਿਸ ਗੈਰਾਜ ਨੇੜੇ ਰੇਲਵੇ ਪਾਰਕਿੰਗ ਕੋਲ 35 ਤੋਂ 40 ਸਾਲਾ ਇਕ ਵਿਅਕਤੀ ਬੇਹੋਸ਼ੀ ਦੀ ਹਾਲਤ 'ਚ ਮਿਲਿਆ, ਜਿਸ ਨੂੰ ਤੁਰੰਤ ਹੀ ਇਲਾਜ ਲਈ ਡੀਡੀਯੂ ਹਸਪਤਾਲ ਲਿਆਂਦਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਪੁਲਸ ਨੇ ਲਾਸ਼ ਮੁਰਦਾਘਰ 'ਚ ਰੱਖਵਾਈ ਹੈ ਅਤੇ ਉਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜੇ ਪਾਸੇ ਇਸੇ ਥਾਣੇ ਦੇ ਅਧੀਨ ਪੁਲਸ ਨੂੰ ਸੂਚਨਾ ਮਿਲੀ ਕਿ ਕਾਰਟ ਰੋਡ ਨੇੜੇ ਇਕ ਵਿਅਕਤੀ ਮ੍ਰਿਤ ਮਿਲਿਆ ਹੈ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਕਬਜ਼ੇ 'ਚ ਲਈ। ਇਹ ਵਿਅਕਤੀ ਮੰਡੀ ਜ਼ਿਲ੍ਹੇ ਦੇ ਦੱਸਿਆ ਜਾ ਰਿਹਾ ਹੈ। ਪੁਲਸ ਨੇ ਸੀ.ਆਰ.ਪੀ.ਸੀ. 174 ਦੇ ਅਧੀਨ ਕਾਰਵਾਈ ਅਮਲ 'ਚ ਲਿਆਂਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News