ਦਿੱਲੀ ਹਾਈ ਕੋਰਟ ’ਚ 2 ਜੱਜਾਂ ਨੇ ਚੁਕੀ ਸਹੁੰ

10/11/2021 3:53:34 PM

ਨਵੀਂ ਦਿੱਲੀ- ਦਿੱਲੀ ਹਾਈ ਕੋਰਟ ’ਚ 2 ਨਵੇਂ ਜੱਜਾਂ ਨੇ ਸੋਮਵਾਰ ਨੂੰ ਅਹੁਦੇ ਦੀ ਸਹੁੰ ਚੁਕੀ, ਜਿਸ ਤੋਂ ਬਾਅਦ ਜੱਜਾਂ ਦੀ ਕੁੱਲ ਗਿਣਤੀ 31 ਹੋ ਗਈ ਹੈ। ਚੀਫ਼ ਜਸਟਿਸ ਡੀ.ਐੱਨ. ਪਟੇਲ ਨੇ ਜੱਜ ਯਸ਼ਵੰਤ ਵਰਮਾ ਅਤੇ ਜੱਜ ਚੰਦਰਧਾਰੀ ਸਿੰਘ ਨੂੰ ਅਹੁਦੇ ਦੀ ਸਹੁੰ ਚੁਕਾਈ। ਉਨ੍ਹਾਂ ਨੂੰ 5 ਅਕਤੂਬਰ ਨੂੰ ਇਲਾਹਾਬਾਦ ਹਾਈ ਕੋਰਟ ਤੋਂ ਦਿੱਲੀ ਹਾਈ ਕੋਰਟ ’ਚ ਜੱਜ ਦੇ ਰੂਪ ’ਚ ਟਰਾਂਸਫਰ ਕੀਤਾ ਗਿਆ ਸੀ। ਨਵੀਆਂ ਨਿਯੁਕਤੀਆਂ ਤੋਂ ਬਾਅਦ ਹਾਈ ਕੋਰਟ ’ਚ ਜੱਜਾਂ ਦੀ ਗਿਣਤੀ 31 ਹੋ ਗਈ ਹੈ, ਜਦੋਂ ਕਿ ਹਾਈ ਕੋਰਟ ’ਚ ਜੱਜਾਂ ਦੇ 60 ਅਹੁਦੇ ਮਨਜ਼ੂਰ ਹਨ।

ਜੱਜ ਵਰਮਾ ਨੂੰ ਅਕਤੂਬਰ 2014 ’ਚ ਇਲਾਹਾਬਾਦ ਹਾਈ ਕੋਰਟ ਦੇ ਐਡੀਸ਼ਨਲ ਜੱਜ ਵਜੋਂ ਤਰੱਕੀ ਦਿੱਤੀ ਗਈ ਸੀ ਅਤੇ ਉਨ੍ਹਾਂ ਨੇ ਫਰਵਰੀ 2016 ’ਚ ਸਥਾਈ ਜੱਜ ਦੇ ਰੂਪ ’ਚ ਸਹੁੰ ਚੁਕੀ ਸੀ। ਜੱਜ ਸਿੰਘ ਨੂੰ ਸਤੰਬਰ 2017 ’ਚ ਇਲਾਹਾਬਾਦ ਹਾਈ ਕੋਰਟ ਦੇ ਐਡੀਸ਼ਨਲ ਜੱਜ ਦੇ ਰੂਪ ’ਚ ਨਿਯੁਕਤ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਸਤੰਬਰ 2019 ’ਚ ਸਥਾਈ ਜੱਜ ਦੇ ਤੌਰ ’ਤੇ ਸਹੁੰ ਚੁਕੀ ਸੀ। ਚੀਫ਼ ਜਸਟਿਸ ਐੱਨ. ਵੀ. ਰਮਨ ਦੀ ਪ੍ਰਧਾਨਗੀ ਵਾਲੇ ਸੁਪਰੀਮ ਕੋਰਟ ਦੇ ਕਾਲੇਜੀਅਮ ਨੇ 16 ਸਤੰਬਰ ਦੀ ਬੈਠਕ ’ਚ ਹਾਈਕੋਰਟਾਂ ਦੇ 17 ਜੱਜਾਂ ਦੇ ਤਬਾਦਲੇ ਦੀ ਸਿਫ਼ਾਰਿਸ਼ ਕੀਤੀ ਸੀ, ਜਿਨ੍ਹਾਂ ’ਚ ਜੱਜ ਵਰਮਾ ਅਤੇ ਜੱਜ ਸਿੰਘ ਵੀ ਸ਼ਾਮਲ ਹਨ।


DIsha

Content Editor

Related News