2 ਮਾਸੂਮਾਂ ਨੇ ਵਾਲ-ਵਾਲ ਬਚਾਈ ਜਾਨ, ਅਗਲੇ ਹੀ ਪਲ ਢਹਿ ਗਿਆ ਮਕਾਨ (ਵੀਡੀਓ)

Saturday, Oct 12, 2024 - 12:50 PM (IST)

ਮੇਰਠ- ਉੱਤਰ ਪ੍ਰਦੇਸ਼ ਦੇ ਮੇਰਠ 'ਚ ਸਦਰ ਬਜ਼ਾਰ ਥਾਣਾ ਖੇਤਰ ਦੇ ਢੋਲਕੀ ਮੁਹੱਲੇ 'ਚ ਸ਼ੁੱਕਰਵਾਰ ਨੂੰ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ। ਇਕ ਪੁਰਾਣਾ ਮਕਾਨ ਅਚਾਨਕ ਢਹਿ ਗਿਆ, ਜਿਸ ਨਾਲ ਉੱਥੋਂ ਲੰਘ ਰਹੇ 2 ਮਾਸੂਮ ਬੱਚਿਆਂ ਦੀ ਜਾਨ ਵਾਲ-ਵਾਲ ਬਚ ਗਈ। ਇਸ ਭਿਆਨਕ ਮੰਜ਼ਰ ਨੂੰ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਕੀਤਾ ਗਿਆ ਹੈ, ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਹ ਘਟਨਾ ਸ਼ੁੱਕਰਵਾਰ ਦੁਪਹਿਰ ਦੀ ਹੈ, ਜਦੋਂ ਇਕ ਲਗਭਗ 100 ਤੋਂ 150 ਸਾਲ ਪੁਰਾਣਾ ਮਕਾਨ ਢਹਿ ਗਿਆ। ਗਲੀ 'ਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ 'ਚ ਦੇਖਿਆ ਜਾ ਸਕਦਾ ਹੈ ਕਿ ਪਹਿਲੇ ਇਕ ਸਕੂਟੀ ਸਵਾਰ ਗਲੀ 'ਚੋਂ ਲੰਘਦਾ ਹੈ, ਉਸ ਤੋਂ ਬਾਅਦ ਇਕ ਸਾਈਕਲ 'ਤੇ ਇਕ ਬੱਚਾ ਤੇ ਇਕ ਔਰਤ ਦਿਖਾਈ ਦਿੰਦੇ ਹਨ। ਕੁਝ ਸਕਿੰਟ ਬਾਅਦ ਲਗਭਗ 9 ਤੋਂ 10 ਸਾਲ ਦੇ 2 ਮੁੰਡੇ ਉੱਥੋਂ ਨਿਕਲਦੇ ਹਨ। ਜਿਵੇਂ ਹੀ ਉਹ ਮਕਾਨ ਦੇ ਕੋਲੋਂ ਲੰਘਦੇ ਹਨ, ਅਚਾਨਕ ਮਕਾਨ ਦਾ ਬਾਹਰੀ ਹਿੱਸਾ ਡਿੱਗ ਕੇ ਸੜਕ 'ਤੇ ਡਿੱਗਦਾ ਹੈ। 

 

ਇਹ ਦ੍ਰਿਸ਼ ਦੇਖ ਕੇ ਦਿਲ ਦਹਿਲ ਜਾਂਦਾ ਹੈ। ਬੱਚਿਆਂ ਨੇ ਕੁਝ ਸਕਿੰਟ ਦੇ ਅੰਤਰਾਲ 'ਚ ਹੀ ਮਕਾਨ ਦੇ ਡਿੱਗਣ ਤੋਂ ਬਚ ਕੇ ਦੌੜ ਲਗਾਈ। ਸੀਸੀਟੀਵੀ ਫੁਟੇਜ 'ਚ ਸਪੱਸ਼ਟ ਰੂਪ ਨਾਲ ਦੇਖਿਆ ਜਾ ਸਕਦਾ ਹੈ ਕਿ ਜਦੋਂ ਮਕਾਨ ਡਿੱਗਣ ਲੱਗਾ ਤਾਂ ਬੱਚੇ ਤੇਜ਼ੀ ਨਾਲ ਪਿੱਛੇ ਹਟਦੇ ਹਨ ਅਤੇ ਕਿਸੇ ਤਰ੍ਹਾਂ ਦੀ ਸੱਟ ਤੋਂ ਬਚ ਜਾਂਦੇ ਹਨ। ਜੇਕਰ ਉਹ ਕੁਝ ਸਕਿੰਟ ਪਹਿਲੇ ਉੱਥੋਂ ਲੰਘਦੇ ਹੁੰਦੇ ਤਾਂ ਨਤੀਜਾ ਭਿਆਨਕ ਹੋ ਸਕਦਾ ਸੀ। ਇਸ ਘਟਨਾ ਨੇ ਸਥਾਨਕ ਪ੍ਰਸ਼ਾਸਨ ਦੀ ਭੂਮਿਕਾ 'ਤੇ ਸਵਾਲ ਚੁੱਕੇ ਹਨ। ਸਥਾਨਕ ਵਾਸੀਆਂ ਦਾ ਮੰਨਣਾ ਹੈ ਕਿ ਜੇਕਰ ਪ੍ਰਸ਼ਾਸਨ ਸਮੇਂ 'ਤੇ ਕਾਰਵਾਈ ਕਰਦਾ ਹੈ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਟਲ ਸਕਦੀਆਂ ਸਨ। ਲੋਕ ਹੁਣ ਇਹ ਸਵਾਲ ਕਰ ਰਹੇ ਹਨ ਕਿ ਕੀ ਪ੍ਰਸ਼ਾਸਨ ਇਸ ਤਰ੍ਹਾਂ ਦੀਆਂ ਇਮਾਰਤਾਂ ਬਾਰੇ ਸਾਵਧਾਨ ਹਨ ਅਤੇ ਕੀ ਉਹ ਅਜਿਹੇ ਮਾਮਲਿਆਂ 'ਚ ਸਹੀ ਕਦਮ ਚੁੱਕਣ ਲਈ ਤਿਆਰ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


DIsha

Content Editor

Related News