ਜਿਮ ਮਾਲਕ ਕਤਲ ਮਾਮਲਾ : ਨੇਪਾਲ ਸਰਹੱਦ ਤੋਂ 2 ਗ੍ਰਿਫ਼ਤਾਰ
01/21/2023 11:10:06 AM

ਨਵੀਂ ਦਿੱਲੀ (ਅਨਸ)- ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਰਾਸ਼ਟਰੀ ਰਾਜਧਾਨੀ ਦੇ ਪ੍ਰੀਤ ਵਿਹਾਰ ਇਲਾਕੇ ’ਚ ਇਕ ਜਿਮ ਮਾਲਕ ਦੀ ਕਥਿਤ ਤੌਰ ’ਤੇ ਹੱਤਿਆ ਕਰਨ ਤੋਂ ਬਾਅਦ ਨੇਪਾਲ ਭੱਜਣ ਦੀ ਕੋਸ਼ਿਸ਼ ਕਰ ਰਹੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁਲਜ਼ਮਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਬੇਗਮਾਬਾਦ, ਮੋਦੀ ਨਗਰ ਨਿਵਾਸੀ ਇੰਦਰ ਵਰਧਨ ਸ਼ਰਮਾ (36) ਅਤੇ ਉੱਤਰ ਪ੍ਰਦੇਸ਼ ਦੇ ਜ਼ਿਲਾ ਮੁਜ਼ੱਫਰਨਗਰ ਨਿਵਾਸੀ ਰਵੀ ਕੁਮਾਰ (30) ਦੇ ਰੂਪ ’ਚ ਹੋਈ ਹੈ। 31 ਦਸੰਬਰ, 2022 ਨੂੰ ਜਿਮ ਦੇ ਮਾਲਕ ਮਹਿੰਦਰ ਅਗਰਵਾਲ ਨੂੰ ਉਨ੍ਹਾਂ ਦੇ ਦਫ਼ਤਰ ’ਚ 2 ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਮਾਰੀਆਂ ਸੀ। ਅਗਰਵਾਲ ਨੂੰ ਹਸਪਤਾਲ ’ਚ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ : ਬਿਹਾਰ : ਕਲਰਕ ਕੋਲੋਂ ਮਿਲੀ 25 ਲੱਖ ਦੀ ਨਕਦੀ, ਨੋਟਾਂ ਨਾਲ ਭਰੀ ਬੋਰੀ ਸੁੱਟ ਦਿੱਤੀ ਸੀ ਘਰ ਦੇ ਬਾਹਰ
ਵਿਸ਼ੇਸ਼ ਪੁਲਸ ਕਮਿਸ਼ਨਰ (ਕ੍ਰਾਈਮ) ਰਵਿੰਦਰ ਸਿੰਘ ਯਾਦਵ ਨੇ ਕਿਹਾ, “ਮੁਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇੰਦਰ ਮਹਿੰਦਰ ਦੇ ਜਿਮ ’ਚ ਮੈਨੇਜਰ ਵਜੋਂ ਕੰਮ ਕਰਦਾ ਸੀ। ਸਾਨੂੰ ਪਤਾ ਲੱਗਾ ਕਿ ਤਨਖਾਹ ਅਤੇ ਹੋਰ ਲੈਣ-ਦੇਣ ਨੂੰ ਲੈ ਕੇ ਇੰਦਰ ਅਤੇ ਮਹਿੰਦਰ ਵਿਚਾਲੇ ਕੁਝ ਵਿਵਾਦ ਵੀ ਸੀ। ਉਸ ਸਮੇਂ ਮਹਿੰਦਰ ਨੇ ਵੀ ਇੰਦਰ ਖਿਲਾਫ ਕੇਸ ਦਰਜ ਕਰਵਾਇਆ ਸੀ। ਵਿਸ਼ੇਸ਼ ਸੀ. ਪੀ. ਨੇ ਕਿਹਾ, ‘‘ਲਗਾਤਾਰ ਪੁੱਛਗਿੱਛ ’ਤੇ, ਦੋਵਾਂ ਮੁਲਜ਼ਮਾਂ ਨੇ ਕਤਲ ਕੇਸ ’ਚ ਆਪਣੀ ਸ਼ਮੂਲੀਅਤ ਕਬੂਲ ਕਰ ਲਈ ਹੈ।’’
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ