ਹਰਿਆਣਾ ਦੀਆਂ 2 ਕੁੜੀਆਂ ਹਾਲੇ ਵੀ ਯੂਕ੍ਰੇਨ ''ਚ ਫਸੀਆਂ, ਸਮਾਜਿਕ ਵਰਕਰ ਨੇ ਵਾਪਸ ਲਿਆਉਣ ਦੀ ਲਗਾਈ ਗੁਹਾਰ

03/21/2022 3:14:08 PM

ਰਾਜਸਥਾਨ/ਹਰਿਆਣਾ (ਭਾਸ਼ਾ)- ਰਾਜਸਥਾਨ ਦੇ ਬੂੰਦੀ ਦੇ ਇਕ ਸਮਾਜਿਕ ਵਰਕਰ ਦਾ ਕਹਿਣਾ ਹੈ ਕਿ ਹਰਿਆਣਾ ਦੀਆਂ 2 ਕੁੜੀਆਂ ਹਾਲੇ ਵੀ ਜੰਗ ਪ੍ਰਭਾਵਿਤ ਯੂਕ੍ਰੇਨ ਦੇ ਖੇਰਸੋਨ ਸ਼ਹਿਰ 'ਚ ਫਸੀਆਂ ਹੋਈਆਂ ਹਨ। ਚਾਰਮੇਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ 10 ਮਾਰਚ ਨੂੰ ਭਾਰਤੀ ਅਧਿਕਾਰੀਆਂ ਨੂੰ ਜੰਗ ਪ੍ਰਭਾਵਿਤ ਪੂਰਬੀ ਯੂਰਪੀ ਦੇਸ਼ 'ਚ ਫਸੇ 5 ਵਿਦਿਆਰਥੀਆਂ ਬਾਰੇ ਸੂਚਿਤ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ 'ਚੋਂ ਤਿੰਨ ਨੂੰ ਵਾਪਸ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਰੋਹਤਕ ਦੀ ਤਨੂੰ ਖੇਰਸਨ (19) ਅਤੇ ਸਿਮਰਨ ਕੌਰ (19) ਹਾਲੇ ਵੀ ਦੇਸ਼ ਨਹੀਂ ਪਰਤੀਆਂ ਹਨ, ਉਹ ਖੇਰਸੋਨ ਸ਼ਹਿਰ ਕੋਲ ਉਸ ਸਥਾਨ 'ਤੇ ਨਹੀਂ ਪਹੁੰਚ ਸਕੀਆਂ ਸਨ, ਜਿੱਥੋਂ ਭਾਰਤ ਲਿਆਇਆ ਜਾਣਾ ਸੀ। ਵਰਕਰ ਨੇ ਦੱਸਿਆ ਕਿ ਹੋਰ ਤਿੰਨ ਵਿਦਿਆਰਥੀ ਵਾਦੀ ਵਿਵੇਕ, ਮਿਲਨ ਡੋਮਾਡੀਆ ਅਤੇ ਅਰੋਕੀਆ ਰਾਜ ਉਸ ਸਥਾਨ ਪਹੁੰਚਣ 'ਚ ਸਫ਼ਲ ਰਹੇ, ਜਿੱਥੋਂ ਉਨ੍ਹਾਂ ਨੂੰ ਕ੍ਰੀਮੀਆ ਹੁੰਦੇ ਹੋਏ ਬੱਸ ਤੋਂ ਮਾਸਕੋ ਲਿਜਾਇਆ ਗਿਆ ਅਤੇ ਪਿਛਲੇ ਹਫ਼ਤੇ ਉਹ ਦੇਸ਼ ਪਰਤ ਆਏ। 

ਸ਼ਰਮਾ ਨੇ ਇਕ ਵਾਰ ਮੁੜ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨੂੰ ਉੱਥੇ ਫਸੀਆਂ ਦੋਹਾਂ ਕੁੜੀਆਂ ਦੀ ਵਾਪਸੀ ਲਈ ਇਕ ਆਨਲਾਈਨ ਪਟੀਸ਼ਨ ਭੇਜੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੋਹਾਂ ਕੋਲ ਖਾਣੇ ਦਾ ਜ਼ਿਆਦਾ ਸਮਾਨ ਨਹੀਂ ਬਚਿਆ ਹੈ। ਉਨ੍ਹਾਂ ਦੱਸਿਆ ਕਿ ਦੋਹਾਂ ਕੁੜੀਆਂ ਨੇ ਭਾਰਤੀ ਦੂਤਘਰ ਦੇ ਸੰਦੇਸ਼ ਤੋਂ ਬਾਅਦ ਆਪਣੇ ਕੰਬਲ ਅਤੇ ਹੋਰ ਸਮਾਨ ਆਪਣੇ ਭਵਨ ਦੇ ਦੇਖਭਾਲ ਕਰਨ ਵਾਲੇ ਅਧਿਕਾਰੀ ਕੋਲ ਜਮ੍ਹਾ ਕਰਵਾ ਦਿੱਤੇ ਸਨ ਅਤੇ ਹੁਣ ਉਹ ਠੰਡ 'ਚ ਰਾਤਾਂ ਕੱਟ ਰਹੀਆਂ ਹਨ। ਸ਼ਰਮਾ ਨੇ ਦੱਸਿਆ ਕਿ ਉਹ ਵਟਸਐੱਪ ਰਾਹੀਂ ਦੋਹਾਂ ਕੁੜੀਆਂ ਨਾਲ ਲਗਾਤਾਰ ਸੰਪਰਕ 'ਚ ਹਨ। ਉਨ੍ਹਾਂ ਕਿਹਾ ਕਿ ਦੋਹਾਂ ਨੂੰ ਤੁਰੰਤ ਉੱਥੋਂ ਕੱਢਣ ਦੀ ਜ਼ਰੂਰਤ ਹੈ।


DIsha

Content Editor

Related News