ਛੱਤੀਸਗੜ੍ਹ ’ਚ 20 ਕਿਲੋ ਦੇ 2 ਬੰਬ ਬਰਾਮਦ, ਕੀਤੇ ਗਏ ਡਿਫਿਊਜ਼
Wednesday, Sep 14, 2022 - 02:50 PM (IST)
ਰਾਏਪੁਰ (ਵਾਰਤਾ)- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਦੰਤੇਵਾੜਾ ਜ਼ਿਲ੍ਹੇ ’ਚ ਅੱਜ ਯਾਨੀ ਬੁੱਧਵਾਰ ਸਵੇਰੇ ਨਕਸਲ ਮੋਰਚੇ 'ਤੇ ਤਾਇਨਾਤ ਸੁਰੱਖਿਆ ਫ਼ੋਰਸਾਂ ਨੇ ਲਗਭਗ 20 ਕਿਲੋਗ੍ਰਾਮ ਦੇ 2 ਪਾਈਪ ਬੰਬ ਬਰਾਮਦ ਕੀਤੇ ਹਨ। ਜਵਾਨਾਂ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਨਕਸਲੀਆਂ ਨੇ ਇਸ ਨੂੰ ਪਲਾਂਟ ਕੀਤਾ ਸੀ। ਬੰਬ ਨੂੰ ਬੀ.ਡੀ.ਐੱਸ. ਦੀ ਟੀਮ ਨੇ ਡਿਫਿਊਜ਼ ਕਰ ਦਿੱਤਾ ਹੈ। ਪੁਲਸ ਦੇ ਅਧਿਕਾਰਤ ਸੂਤਰਾਂ ਅਨੁਸਾਰ ਜ਼ਿਲ੍ਹੇ ਦੇ ਕਮਾਰਗੁੜਾ ਪਿੰਡ ਦੇ ਕਰੀਬ ਸੁਰੱਖਿਆ ਫ਼ੋਰਸਾਂ ਦੀ ਟੀਮ ਨੇ 20 ਕਿਲੋਗ੍ਰਾਮ ਭਾਰ ਦੇ 2 ਪਾਈਪ ਬੰਬ ਬਰਾਮਦ ਕੀਤੇ। ਸੀ.ਆਰ.ਪੀ.ਐੱਫ., ਡੀ.ਆਰ.ਜੀ. ਦੀ ਟੀਮ ਸਵੇਰੇ ਏਰੀਆ ਡੋਮਿਨੇਸ਼ਨ 'ਤੇ ਨਿਕਲੀ ਸੀ। ਜਵਾਨ ਜਦੋਂ ਕਮਾਰਗੁੜਾ ਕੰਪਲੈਕਸ ਤੋਂ ਜਗਰਗੁੰਡਾ ਵੱਲ ਜਾ ਰਹੇ ਸਨ, ਉਦੋਂ ਉਨ੍ਹਾਂ ਨੂੰ ਸੜਕ ਕਿਨਾਰੇ ਬੰਬ ਹੋਣ ਦੀ ਜਾਣਕਾਰੀ ਮਿਲੀ।
ਜਵਾਨਾਂ ਨੇ ਬੰਬ ਦੀ ਸੂਚਨਾ ਬੀ.ਡੀ.ਐੱਸ. ਟੀਮ ਨੂੰ ਦਿੱਤੀ। ਬੀ.ਡੀ.ਐੱਸ. ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ 2 ਪਾਈਪ ਬੰਬ ਬਰਾਮਦ ਕਰਕੇ ਉਨ੍ਹਾਂ ਨੂੰ ਨਕਾਰਾ ਕਰ ਦਿੱਤਾ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ 'ਚ ਨਕਸਲੀਆਂ ਖ਼ਿਲਾਫ਼ ਮੁਹਿੰਮ ਜਾਰੀ ਹੈ। ਫ਼ੋਰਸ ਦੇ ਆਹਮੋ-ਸਾਹਮਣੇ ਲੜਾਈ ਦੀ ਬਜਾਏ ਮਾਓਵਾਦੀ ਆਈ.ਈ.ਡੀ. ਦੀ ਲਗਾਤਾਰ ਵਰਤੋਂ ਕਰ ਰਹੇ ਹਨ। ਬਸਤਰ ਦੇ ਦੰਤੇਵਾੜਾ, ਬੀਜਾਪੁਰ, ਨਰਾਇਣਪੁਰ, ਸੁਕਮਾ ਜ਼ਿਲ੍ਹਿਆਂ ਵਿਚ ਜਵਾਨ ਮਾਓਵਾਦੀਆਂ ਵੱਲੋਂ ਲਗਾਏ ਗਏ ਬੰਬਾਂ ਨੂੰ ਲਗਾਤਾਰ ਨਕਾਰਾ ਕਰਦੇ ਰਹੇ ਹਨ।