ਅੱਤਵਾਦੀਆਂ ਦੇ 2 ਮਦਦਗਾਰ ਗ੍ਰਿਫ਼ਤਾਰ, 8 ਜੁਲਾਈ ਦੇ ਅੱਤਵਾਦੀ ਹਮਲੇ ਨਾਲ ਹੈ ਕਨੈਕਸ਼ਨ
Friday, Jul 26, 2024 - 10:16 AM (IST)
ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਕਠੁਆ ਜ਼ਿਲ੍ਹੇ 'ਚ ਫ਼ੌਜ ਦੇ ਗਸ਼ਤੀ ਦਲ 'ਤੇ ਹੋਏ ਅੱਤਵਾਦੀ ਹਮਲੇ 'ਚ ਸ਼ਮੂਲੀਅਤ ਲਈ ਅੱਤਵਾਦੀਆਂ ਦੇ 2 ਮਦਦਗਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਅੱਤਵਾਦੀ ਗਤੀਵਿਧੀਆਂ ਨਾਲ ਨਜਿੱਠਣ ਨੂੰ ਲੈ ਕੇ ਜਾਰੀ ਕੋਸ਼ਿਸ਼ਾਂ ਦੇ ਅਧੀਨ ਅੱਤਵਾਦੀਆਂ ਦੇ 2 ਮਦਦਗਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹੇ ਦੇ ਦੂਰ-ਦੁਰਾਡੇ ਦੇ ਮਛੇੜੀ ਇਲਾਕੇ 'ਚ ਹਥਿਆਰਬੰਦ ਅੱਤਵਾਦੀਆਂ ਵਲੋਂ 8 ਜੁਲਾਈ ਨੂੰ ਘਾਤ ਲਗਾ ਕੇ ਕੀਤੇ ਗਏ ਹਮਲੇ 'ਚ ਇਕ ਜੂਨੀਅਰ ਕਮਿਸ਼ਨ ਅਧਿਕਾਰੀ ਸਮੇਤ ਫ਼ੌਜ ਦੇ 5 ਜਵਾਨ ਸ਼ਹੀਦ ਹੋਏ ਸਨ ਅਤੇ 5 ਹੋਰ ਲੋਕ ਜ਼ਖ਼ਮੀ ਹੋਏ ਸਨ। ਬੁਲਾਰੇ ਨੇ ਦੱਸਿਆ,''ਇਨ੍ਹਾਂ ਵਿਅਕਤੀਆਂ ਨੇ ਪੁਲਸ ਤੋਂ ਮਹੱਤਵਪੂਰਨ ਜਾਣਕਾਰੀ ਲੁਕਾਈ ਸੀ।''
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਪਛਾਣ ਬਿਲਾਵਰ ਦੇ ਕਲਨਾ ਧਾਨੂ ਪਰੋਲ ਦੇ ਰਹਿਣ ਵਾਲੇ ਲਾਯਾਕਤ ਅਲੀ ਉਰਫ਼ ਪਾਵੂ ਅਤੇ ਮਲਹਾਰ ਦੇ ਬੌਲੀ ਮੁਹੱਲੇ ਦੇ ਰਹਿਣ ਵਾਲੇ ਮੂਲ ਰਾਜ ਉਰਫ਼ ਜੇਨਜੂ ਵਜੋਂ ਹੋਈ ਹੈ। ਬੁਲਾਰੇ ਅਨੁਸਾਰ ਦੋਹਾਂ ਨੇ ਪੁਲਸ ਨੂੰ ਮਹੱਤਵਪੂਰਨ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਨਾਲ ਅੱਤਵਾਦੀ ਗਤੀਵਿਧੀਆਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ 'ਚ ਰੁਕਾਵਟ ਪੈਦਾ ਹੋਈ। ਉਨ੍ਹਾਂ ਦੱਸਿਆ ਕਿ ਮਲਹਾਰ ਥਾਣੇ 'ਚ ਅਲੀ ਅਤੇ ਰਾਜ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 61 (1) (ਅਪਰਾਧਕ ਸਾਜਿਸ਼), 113 (ਅੱਤਵਾਦੀ ਕਾਰਵਾਈ), 147 (ਭਾਰਤ ਸਰਕਾਰ ਖ਼ਿਲਾਫ਼ ਜੰਗ ਛੇੜਨ ਦੀ ਕੋਸ਼ਿਸ਼), 150 (ਜੰਗ ਛੇੜਨ ਦੀ ਯੋਜਨਾ ਨੂੰ ਸਹੂਲਤਜਨਕ ਬਣਾਉਣ ਦੇ ਇਰਾਦੇ ਨਾਲ ਲੁਕਾਉਣਾ) ਅਤੇ 'ਇਗ੍ਰੇਸ ਐਂਡ ਇੰਟਰਨਲ ਮੂਵਮੈਂਟ ਕੰਟਰੋਲ' ਐਕਟ ਦੇ ਅਧੀਨ ਮੁਕੱਦਮਾ ਦਰਜ ਕੀਤਾ ਹੈ। ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਦੇ ਸੰਬੰਧ 'ਚ 100 ਤੋਂ ਵੱਧ ਵਿਅਕਤੀਆਂ ਤੋਂ ਪੁੱਛ-ਗਿੱਛ ਕੀਤੀ ਗਈ ਅਤੇ 40 ਤੋਂ ਵੱਧ ਹੋਰ ਖ਼ਿਲਾਫ਼ ਨਿਵਾਰਕ ਉਪਾਅ ਅਮਲ 'ਚ ਲਿਆਂਦੇ ਗਏ ਹਨ। ਉਨ੍ਹਾਂ ਦੱਸਿਆ,''ਇਨ੍ਹਾਂ ਸਮਰਥਕਾਂ ਦੀ ਗ੍ਰਿਫ਼ਤਾਰੀ ਸਾਡੀ ਵਚਨਬੱਧਤਾ ਨੂੰ ਰੇਖਾਂਕਿਤ ਕਰਦੀ ਹੈ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e