ਨਾਬਾਲਗਾ ਨਾਲ ਰੇਪ ਅਤੇ ਕਤਲ ਦੇ ਮਾਮਲੇ ''ਚ ਪਹਿਲੀ ਵਾਰ 2 ਦੋਸ਼ੀਆਂ ਨੂੰ ਇਕੱਠੇ ਸੁਣਾਈ ਗਈ ਫਾਂਸੀ ਦੀ ਸਜ਼ਾ

04/29/2022 6:22:41 PM

ਜੈਪੁਰ (ਭਾਸ਼ਾ)- ਰਾਜਸਥਾਨ ਦੀ ਇਕ ਸਥਾਨਕ ਅਦਾਲਤ ਨੇ ਨਾਬਾਲਗ ਨਾਲ ਜਬਰ ਜ਼ਿਨਾਹ ਅਤੇ ਉਸ ਦਾ ਕਤਲ ਕੀਤੇ ਜਾਣ ਦੇ ਮਾਮਲੇ 'ਚ 2 ਦੋਸ਼ੀਆਂ ਨੂੰ ਦੋਸ਼ੀ ਮੰਨਦੇ ਹੋਏ ਸ਼ੁੱਕਰਵਾਰ ਨੂੰ ਫਾਂਸੀ ਦੀ ਸਜ਼ਾ ਸੁਣਾਈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅਦਾਲਤ ਦੇ ਇਸ ਫ਼ੈਸਲੇ 'ਤੇ ਪ੍ਰਤੀਕਿਰਿਆ ਜਤਾਉਂਦੇ ਹੋਏ ਕਿਹਾ ਕਿ ਸਰਕਾਰ ਔਰਤਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਅਜਿਹੇ ਅਪਰਾਧਾਂ 'ਚ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਰਾਜ ਦੇ ਪੁਲਸ ਡਾਇਰੈਕਟਰ ਜਨਰਲ ਐਮ.ਐੱਲ. ਲਾਠਰ ਨੇ ਕਿਹਾ ਕਿ ਬੂੰਦੀ ਦੀ ਵਿਸ਼ੇਸ਼ ਜੱਜ ਪੋਕਸੋ ਅਦਾਲਤ ਨੇ ਬੱਚੀ ਨਾਲ ਸਮੂਹਕ ਜਬਰ ਜ਼ਿਨਾਹ ਅਤੇ ਕਤਲ ਦੇ ਮਾਮਲੇ 'ਚ ਦੋਸ਼ ਸਾਬਿਤ ਅਪਰਾਧੀਆਂ ਸੁਲਤਾਨ ਅਤੇ ਛੋਟੂ ਲਾਲ ਨੂੰ ਫਾਂਸੀ ਦੀ ਸਜ਼ਾ ਸੁਣਾਈ। ਲਾਠਰ ਨੇ ਦੱਸਿਆ ਕਿ ਪੁਲਸ ਕੁੜੀਆਂ ਅਤੇ ਔਰਤਾਂ ਵਿਰੁੱਧ ਅਪਰਾਧਾਂ ਪ੍ਰਤੀ ਸੰਵੇਦਨਸ਼ੀਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ 'ਚ ਦੋਸ਼ੀਆਂ ਦੀ ਪਛਾਣ, ਗ੍ਰਿਫ਼ਤਾਰੀ ਅਤੇ ਸਬੂਤ ਇਕੱਠੇ ਕਰਕੇ, ‘ਕੇਸ ਅਫ਼ਸਰ ਸਕੀਮ’ ਅਧੀਨ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ 'ਚ ਅਦਾਲਤ ਨੇ 11 ਦਿਨਾਂ ਦੇ ਅੰਦਰ ਦੋਸ਼ੀ ਨੂੰ ਸਜ਼ਾ ਸੁਣਾਈ ਹੈ।

ਇਹ ਵੀ ਪੜ੍ਹੋ : ਆਪਣੇ ਵਿਆਹ 'ਚ ਸਮੇਂ ਨਾਲ ਪਹੁੰਚ ਸਕੇ ਜਵਾਨ, BSF ਨੇ ਇਸ ਤਰ੍ਹਾਂ ਪਹੁੰਚਾਇਆ ਘਰ

ਬੂੰਦੀ ਦੇ ਪੁਲਸ ਸੁਪਰਡੈਂਟ ਜੈ ਯਾਦਵ ਨੇ ਇਕ ਬਿਆਨ 'ਚ ਕਿਹਾ ਕਿ 23 ਦਸੰਬਰ, 2021 ਨੂੰ ਬਸੋਲੀ ਥਾਣਾ ਖੇਤਰ ਦੇ ਸੰਘਣੇ ਜੰਗਲਾਂ ਵਿਚ ਇੱਕ ਨਾਬਾਲਗ ਦੀ ਨੰਗੀ ਲਾਸ਼ ਮਿਲੀ ਸੀ। 200 ਤੋਂ ਵੱਧ ਪੁਲਸ ਮੁਲਾਜ਼ਮਾਂ ਦੀ ਟੀਮ ਨੇ 12 ਘੰਟਿਆਂ ਦੇ ਅੰਦਰ ਹੀ ਦੋਸ਼ੀਆਂ ਨੂੰ ਫੜ ਲਿਆ, ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਆਪਣਾ ਜੁਰਮ ਕਬੂਲ ਕਰ ਲਿਆ। ਪੁਲਸ ਨੇ ਤਿੰਨ ਕੰਮਕਾਜੀ ਦਿਨਾਂ ਦੇ ਅੰਦਰ-ਅੰਦਰ ਪੋਕਸੋ ਅਦਾਲਤ ਵਿਚ ਚਲਾਨ ਪੇਸ਼ ਕੀਤਾ ਅਤੇ ਜਲਦ ਤੋਂ ਜਲਦ ਸਜ਼ਾ ਦਿਵਾਉਣ  ਲਈ ਮਾਮਲੇ ਨੂੰ 'ਕੇਸ ਅਫ਼ਸਰ ਸਕੀਮ' 'ਚ  ਲਿਆ। ਅਦਾਲਤ ਨੇ ਸੁਲਤਾਨ (27) ਅਤੇ ਛੋਟੂਲਾਲ (62) ਨੂੰ ਸਿਰਫ਼ 11 ਕਾਰਜਕਾਰੀ ਦਿਨਾਂ ਵਿਚ ਮੌਤ ਦੀ ਸਜ਼ਾ ਸੁਣਾਈ। ਇਸ ਦੇ ਨਾਲ ਹੀ ਇਸ ਮਾਮਲੇ ਦੇ ਤੀਜੇ ਨਾਬਾਲਗ ਦੋਸ਼ੀ ਨੂੰ ਜੁਵੇਨਾਈਲ ਸੁਧਾਰ ਘਰ ਭੇਜ ਦਿੱਤਾ ਗਿਆ ਹੈ। ਅਦਾਲਤ ਦੇ ਫ਼ੈਸਲੇ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਗਹਿਲੋਤ ਨੇ ਕਿਹਾ ਕਿ ਰਾਜ ਵਿਚ ਪੋਕਸੋ ਐਕਟ ਦਾ ਇਹ ਪਹਿਲਾ ਮਾਮਲਾ ਹੈ, ਜਿਸ ਵਿਚ ਦੋ ਦੋਸ਼ੀਆਂ ਨੂੰ ਇਕੱਠੇ ਮੌਤ ਦੀ ਸਜ਼ਾ ਸੁਣਾਈ ਗਈ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News