ਇਨੈਲੋ ਆਗੂ ਰਾਠੀ ਕਤਲ ਮਾਮਲਾ; ਦੋ ਦੋਸ਼ੀ ਗੋਆ ''ਚ ਗ੍ਰਿਫ਼ਤਾਰ, UK ''ਚ ਬੈਠੇ ਗੈਂਗਸਟਰ ਨਾਲ ਜੁੜੇ ਤਾਰ

Monday, Mar 04, 2024 - 11:34 AM (IST)

ਇਨੈਲੋ ਆਗੂ ਰਾਠੀ ਕਤਲ ਮਾਮਲਾ; ਦੋ ਦੋਸ਼ੀ ਗੋਆ ''ਚ ਗ੍ਰਿਫ਼ਤਾਰ, UK ''ਚ ਬੈਠੇ ਗੈਂਗਸਟਰ ਨਾਲ ਜੁੜੇ ਤਾਰ

ਚੰਡੀਗੜ੍ਹ/ਨਵੀਂ ਦਿੱਲੀ- ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਆਗੂ ਨਫੇ ਸਿੰਘ ਰਾਠੀ ਦੇ ਕਤਲ ਮਾਮਲੇ 'ਚ ਗੋਆ ਤੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਨੈਲੋ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਰਾਠੀ ਅਤੇ ਪਾਰਟੀ ਵਰਕਰ ਜੈਕਿਸ਼ਨ ਦੀ 25 ਫਰਵਰੀ ਨੂੰ ਝੱਜਰ ਦੇ ਬਹਾਦਰਗੜ੍ਹ 'ਚ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੇ ਵਾਹਨ 'ਤੇ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਆਸ਼ੀਸ਼ ਅਤੇ ਸੌਰਭ ਨੂੰ ਹਰਿਆਣਾ ਪੁਲਸ, ਜ਼ਿਲ੍ਹਾ ਪੁਲਸ ਅਤੇ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਦੀ ਸਪੈਸ਼ਲ ਟਾਸਕ ਫੋਰਸ ਦੇ ਸਾਂਝੇ ਆਪਰੇਸ਼ਨ 'ਚ ਗੋਆ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਦਿੱਲੀ ਦੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਉੱਤਰੀ ਗੋਆ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਜਿੱਥੇ ਉਹ ਇਕ ਹੋਟਲ ਵਿਚ ਠਹਿਰੇ ਹੋਏ ਸਨ।

ਇਹ ਵੀ ਪੜ੍ਹੋ- ਨਫੇ ਸਿੰਘ ਰਾਠੀ ਦੇ ਕਤਲ ਮਗਰੋਂ ਹੁਣ ਪਰਿਵਾਰ ਨੂੰ ਵੀ ਮਿਲੀ ਧਮਕੀ, ਹਥਿਆਰ ਦੀ ਫੋਟੋ ਭੇਜ ਕੇ ਦਿੱਤੀ ਚਿਤਾਵਨੀ

ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਨੂੰ ਦੁਪਹਿਰ ਤੱਕ ਰਾਸ਼ਟਰੀ ਰਾਜਧਾਨੀ ਲਿਆਂਦਾ ਜਾਵੇਗਾ। ਦਿੱਲੀ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਆਸ਼ੀਸ਼, ਸੌਰਭ, ਨਕੁਲ ਅਤੇ ਅਤੁਲ ਉਹ ਚਾਰ ਦੋਸ਼ੀ ਹਨ, ਜਿਨ੍ਹਾਂ ਨੇ 25 ਫਰਵਰੀ ਨੂੰ ਰਾਠੀ ਅਤੇ ਕਿਸ਼ਨ ਦੀ ਗੱਡੀ 'ਤੇ ਗੋਲੀਆਂ ਚਲਾਈਆਂ ਸਨ। ਅਧਿਕਾਰੀ ਨੇ ਦੱਸਿਆ ਕਿ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ (ਦੱਖਣੀ-ਪੱਛਮੀ ਰੇਂਜ) ਦੀ ਇਕ ਟੀਮ ਗੋਆ ਵਿਚ ਚਲਾਈ ਗਈ ਕਾਰਵਾਈ 'ਚ ਸ਼ਾਮਲ ਸੀ। ਹਰਿਆਣਾ ਪੁਲਸ ਨੇ ਦੱਸਿਆ ਕਿ ਦੋਵੇਂ ਹਮਲਾਵਰਾਂ ਨੂੰ ਵੱਖ-ਵੱਖ ਸੂਚਨਾਵਾਂ ਦੇ ਆਧਾਰ 'ਤੇ ਗੋਆ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਬਹਾਦਰਗੜ੍ਹ ਲਿਆਂਦਾ ਜਾਵੇਗਾ।

ਇਹ ਵੀ ਪੜ੍ਹੋ- ਲੰਡਨ 'ਚ ਬੈਠੇ ਗੈਂਗਸਟਰ ਨੇ ਲਈ ਨਫੇ ਸਿੰਘ ਰਾਠੀ ਦੇ ਕਤਲ ਦੀ ਜ਼ਿੰਮੇਵਾਰੀ, ਸ਼ਰੇਆਮ ਮਾਰੀਆਂ ਗਈਆਂ ਸੀ ਗੋਲ਼ੀਆਂ

ਦਿੱਲੀ ਦੇ ਨਾਂਗਲੋਈ 'ਚ ਰਹਿਣ ਵਾਲੇ ਆਸ਼ੀਸ਼ ਅਤੇ ਸੌਰਭ ਬ੍ਰਿਟੇਨ 'ਚ ਰਹਿ ਰਹੇ ਗੈਂਗਸਟਰ ਕਪਿਲ ਸਾਂਗਵਾਨ ਦੇ ਸਾਥੀ ਹਨ। ਸਾਂਗਵਾਨ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਰਾਠੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਇਨੈਲੋ ਆਗੂ 'ਤੇ ਹੋਏ ਹਮਲੇ 'ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਸ਼ਾਸਿਤ ਹਰਿਆਣਾ ਦੀਆਂ ਵਿਰੋਧੀ ਪਾਰਟੀਆਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਝੱਜਰ ਦੀ ਪੁਲਸ ਨੇ ਘਟਨਾ ਤੋਂ ਬਾਅਦ ਦਰਜ FIR ਵਿਚ ਭਾਜਪਾ ਦੇ ਸਾਬਕਾ ਵਿਧਾਇਕ ਨਰੇਸ਼ ਕੌਸ਼ਿਕ ਅਤੇ ਹੋਰਾਂ ਨੂੰ ਨਾਮਜ਼ਦ ਕੀਤਾ ਸੀ। ਧਾਰਾ-302 (ਕਤਲ) ਅਤੇ ਅਸਲਾ ਐਕਟ ਸਮੇਤ IPC ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ- ਇਨੈਲੋ ਦੇ ਹਰਿਆਣਾ ਪ੍ਰਧਾਨ ਰਾਠੀ ਦੇ ਕਤਲ ਮਾਮਲੇ 'ਚ ਸਾਬਕਾ ਵਿਧਾਇਕ ਸਣੇ 12 ਲੋਕਾਂ 'ਤੇ FIR ਦਰਜ

ਓਧਰ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਨਫੇ ਸਿੰਘ ਰਾਠੀ ਦੇ ਭਤੀਜੇ ਰਾਕੇਸ਼ ਨੇ ਦੱਸਿਆ ਕਿ 5 ਅਣਪਛਾਤੇ ਕਾਤਲ ਉਸ ਦੀ ਕਾਰ ਦਾ ਪਿੱਛਾ ਕਰ ਰਹੇ ਸਨ ਅਤੇ ਇਸ ਦੌਰਾਨ ਬਾਰਾਹੀ ਰੇਲਵੇ ਕਰਾਸਿੰਗ ਨੇੜੇ ਕਾਰ ’ਚੋਂ ਬਾਹਰ ਨਿਕਲੇ ਰਾਠੀ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਵਿਧਾਨ ਸਭਾ ਵਿਚ ਕਿਹਾ ਸੀ ਕਿ ਇਨੈਲੋ ਦੀ ਸੂਬਾ ਇਕਾਈ ਦੇ ਮੁਖੀ ਦੇ ਕਤਲ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ) ਨੂੰ ਸੌਂਪੀ ਜਾਵੇਗੀ। ਇਨੈਲੋ ਦੇ ਸੀਨੀਅਰ ਨੇਤਾ ਅਭੈ ਸਿੰਘ ਚੌਟਾਲਾ ਨੇ  ਸੂਬੇ ਦੀ ਭਾਜਪਾ-ਜੇਜੇਪੀ (ਜਨਨਾਇਕ ਜਨਤਾ ਪਾਰਟੀ) ਸਰਕਾਰ 'ਤੇ ਰਾਠੀ ਦੀ ਜਾਨ ਨੂੰ ਖਤਰੇ ਦੇ ਬਾਵਜੂਦ ਸੁਰੱਖਿਆ ਪ੍ਰਦਾਨ ਨਾ ਕਰਨ ਦਾ ਦੋਸ਼ ਲਗਾਇਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Tanu

Content Editor

Related News