ਮਹਾਤਮਾ ਗਾਂਧੀ ਕੋਲ ਯੂਨੀਵਰਸਿਟੀ ਦੀ ਕੋਈ ਡਿਗਰੀ ਨਾ ਹੋਣ ਬਾਰੇ ਸਿਨਹਾ ਦਾ ਦਾਅਵਾ ਗਲਤ : ਤੁਸ਼ਾਰ

Saturday, Mar 25, 2023 - 05:49 PM (IST)

ਮਹਾਤਮਾ ਗਾਂਧੀ ਕੋਲ ਯੂਨੀਵਰਸਿਟੀ ਦੀ ਕੋਈ ਡਿਗਰੀ ਨਾ ਹੋਣ ਬਾਰੇ ਸਿਨਹਾ ਦਾ ਦਾਅਵਾ ਗਲਤ : ਤੁਸ਼ਾਰ

ਮੁੰਬਈ (ਭਾਸ਼ਾ)- ਮਹਾਤਮਾ ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ਨੇ ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਦੇ ਉਸ ਦਾਅਵੇ ਨੂੰ ਰੱਦ ਕਰ ਦਿੱਤਾ ਹੈ ਕਿ ਰਾਸ਼ਟਰਪਿਤਾ ਕੋਲ ਇੱਕ ਵੀ ਯੂਨੀਵਰਸਿਟੀ ਦੀ ਡਿਗਰੀ ਨਹੀਂ ਸੀ। ਉਨ੍ਹਾਂ ਟਵੀਟ ਕਰ ਕੇ ਕਿਹਾ ਕਿ ਗਾਂਧੀ ਜੀ ਨੇ 10ਵੀਂ ਦੀ ਪ੍ਰੀਖਿਆ ਦੋ ਥਾਵਾਂ ਤੋਂ ਪਾਸ ਕੀਤੀ ਸੀ। ਉਨ੍ਹਾਂ ਪਹਿਲਾਂ ਐਲਫ੍ਰੇਡ ਹਾਈ ਸਕੂਲ ਰਾਜਕੋਟ ਤੋਂ 10ਵੀਂ ਕੀਤੀ। ਫਿਰ ਲੰਡਨ ਵਿਚ 10ਵੀਂ ਜਮਾਤ ਦੇ ਬਰਾਬਰ ਬ੍ਰਿਟਿਸ਼ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ।

ਉਨ੍ਹਾਂ ਲੰਡਨ ਯੂਨੀਵਰਸਿਟੀ ਨਾਲ ਸਬੰਧਤ ਲਾਅ ਕਾਲਜ, ਇਨਰ ਟੈਂਪਲ ਤੋਂ ਕਾਨੂੰਨ ਦੀ ਡਿਗਰੀ ਲਈ। ਇਸ ਤੋਂ ਇਲਾਵਾ ਉਨ੍ਹਾਂ ਲਾਤੀਨੀ ਅਤੇ ਫ੍ਰੈਂਚ ਵਿਚ ਦੋ ਡਿਪਲੋਮੇ ਵੀ ਪ੍ਰਾਪਤ ਕੀਤੇ ਸਨ। ਸਿਨਹਾ ਨੇ ਵੀਰਵਾਰ ਗਵਾਲੀਅਰ ਵਿਖੇ ਡਾ. ਰਾਮ ਮਨੋਹਰ ਲੋਹੀਆ ਮੈਮੋਰੀਅਲ ਲੈਕਚਰ ਦਿੰਦੇ ਹੋਏ ਮਹਾਤਮਾ ਗਾਂਧੀ ਦੀ ਵਿਦਿਅਕ ਯੋਗਤਾ ’ਤੇ ਗੱਲ ਕੀਤੀ ਸੀ। ਤੁਸ਼ਾਰ ਨੇ ਕਿਹਾ ਮੈਂ ਬਾਪੂ ਜੀ ਦੀ ਆਤਮਕਥਾ ਦੀ ਇਕ ਕਾਪੀ ਰਾਜ ਭਵਨ ਜੰਮੂ ਨੂੰ ਇਸ ਉਮੀਦ ਨਾਲ ਭੇਜੀ ਹੈ ਕਿ ਜੇ ਉਪ ਰਾਜਪਾਲ ਇਸ ਨੂੰ ਪੜ੍ਹ ਸਕਦੇ ਹਨ ਤਾਂ ਇਹ ਉਨ੍ਹਾਂ ਦੇ ਗਿਆਨ ਵਿਚ ਵਾਧਾ ਕਰੇਗੀ।


author

DIsha

Content Editor

Related News