ਸ਼੍ਰੀਨਗਰ: ਭਲਕੇ ਸੈਲਾਨੀਆਂ ਲਈ ਖੁੱਲ੍ਹੇਗਾ ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ

Saturday, Mar 18, 2023 - 04:17 PM (IST)

ਸ਼੍ਰੀਨਗਰ- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਵਿਚ ਸਥਿਤ ਏਸ਼ੀਆ ਦੇ ਸਭ ਤੋਂ ਵੱਡੇ ਟਿਊਲਿਪ ਗਾਰਡਨ ਇਨ੍ਹੀਂ ਦਿਨੀਂ ਰੰਗ-ਬਿਰੰਗੇ ਫੁੱਲਾਂ ਨਾਲ ਗੁਲਜ਼ਾਰ ਹੈ। ਇਹ ਟਿਊਲਿਪ ਗਾਰਡਨ ਭਲਕੇ ਯਾਨੀ ਕਿ ਐਤਵਾਰ ਨੂੰ ਸੈਲਾਨੀਆਂ ਲਈ ਖੋਲ੍ਹ ਦਿੱਤਾ ਜਾਵੇਗਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਵਿਸ਼ਵ ਪ੍ਰਸਿੱਧ ਡਲ ਝੀਲ ਦੇ ਕੰਢੇ ਸਥਿਤ ਲਗਭਗ 16 ਲੱਖ ਰੰਗ-ਬਿਰੰਗੇ ਟਿਊਲਿਪ ਨਾਲ ਗੁਲਜ਼ਾਰ ਇਸ ਗਾਰਡਨ ਦਾ ਉਦਘਾਟਨ ਕੱਲ ਉਪ ਰਾਜਪਾਲ ਮਨੋਜ ਸਿਨਹਾ ਕਰਨਗੇ ਅਤੇ ਇਸ ਤੋਂ ਬਾਅਦ ਇਸ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ।

ਇਸ ਸਾਲ ਇਸ ਗਾਰਡਨ ਵਿਚ ਟਿਊਲਿਪ ਦੀਆਂ 4 ਨਵੀਆਂ ਪ੍ਰਜਾਤੀਆਂ- ਕੇਪ ਨੋਵਯਾ, ਸਵੀਟ ਹਾਟਰ, ਹੈਮਿਲਟਨ ਅਤੇ ਕ੍ਰਿਸਮਸ ਡਰੀਮ ਆਪਣੇ ਖੂਬਸੂਰਤ ਰੰਗਾਂ ਨਾਲ ਸੈਲਾਨੀਆਂ ਨੂੰ ਲੁਭਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਪ੍ਰਜਾਤੀਆਂ ਦੁਨੀਆ 'ਚ ਟਿਊਲਿਪ ਦੀ ਧਰਤੀ ਆਖੇ ਜਾਣ ਵਾਲੇ 'ਨੀਦਰਲੈਂਡ' ਤੋਂ ਇੱਥੇ ਲਿਆਂਦੀਆਂ ਗਈਆਂ ਹਨ। 30 ਏਕੜ 'ਚ ਫੈਲੇ ਇਸ ਟਿਊਲਿਪ ਗਾਰਡਨ 'ਚ ਟਿਊਲਿਪ ਦੀਆਂ 68 ਪ੍ਰਜਾਤੀਆਂ ਦੇ ਰੰਗਾਂ ਨਾਲ ਸਰਾਬੋਰ ਕਰ ਕੇ ਇਸ ਨੂੰ ਕੁਦਰਤ ਦੇ ਨਜ਼ਾਰਿਆਂ ਵਿਚ ਬਦਲ ਰਹੀਆਂ ਹਨ। ਉਂਝ ਤਾਂ ਟਿਊਲਿਪ ਦਾ ਫੁੱਲ 3 ਤੋਂ 5 ਹਫ਼ਤਿਆਂ ਤੱਕ ਹੀ ਖਿੜਿਆ ਰਹਿੰਦਾ ਹੈ ਪਰ ਇਸ ਨੂੰ ਇੱਥੇ ਦੇਸ਼-ਦੁਨੀਆ ਤੋਂ ਆਉਣ ਵਾਲੇ ਸੈਲਾਨੀਆਂ ਲਈ ਖੂਬਸੂਰਤੀ ਨਾਲ ਤਰਾਸ਼ਣ 'ਚ ਹਜ਼ਾਰਾਂ ਮਾਲੀਆਂ ਨੇ ਸਾਲ ਭਰ ਤੱਕ ਅਣਥੱਕ ਮਿਹਨਤ ਕੀਤੀ ਹੈ। ਇਨ੍ਹਾਂ ਮਾਲੀਆਂ ਦੀ ਸਾਲ ਭਰ ਦੀ ਸਖ਼ਤ ਮਿਹਨਤ ਦਾ ਹੀ ਨਾਯਾਬ ਨਜ਼ਾਰਾ ਇਨ੍ਹੀਂ ਦਿਨੀਂ ਟਿਊਲਿਪ ਗਾਰਡਨ 'ਚ ਵਿਖਾਈ ਦੇ ਰਿਹਾ ਹੈ।

ਸਾਲ 2007 ਵਿਚ ਗਾਰਡਨ ਦੇ ਖੁੱਲ੍ਹਣ ਮਗਰੋਂ ਪਹਿਲੀ ਵਾਰ ਦੇਸ਼ ਅਤੇ ਦੁਨੀਆ ਭਰ ਤੋਂ ਆਏ 3 ਲੱਖ 60 ਹਜ਼ਾਰ ਸੈਲਾਨੀਆਂ ਨੇ ਇਸ ਗਾਰਡਨ 'ਚ ਖਿੜੇ ਟਿਊਲਿਪ ਦਾ ਆਨੰਦ ਮਾਣਿਆ। ਗਾਰਡਨ 'ਚ ਆਉਣ ਵਾਲੇ ਸੈਲਾਨੀਆਂ ਦੀ ਪੂਰੀ ਸਹੂਲਤ ਦਾ ਵੀ ਖਿਆਲ ਰੱਖਿਆ ਗਿਆ। ਇਸ ਦੇ ਨਾਲ ਹੀ ਦਿਵਿਯਾਂਗ ਲੋਕਾਂ ਅਤੇ ਬਜ਼ੁਰਗਾਂ ਲਈ ਵਿਸ਼ੇਸ਼ ਰੂਪ ਨਾਲ ਵ੍ਹੀਲ ਚੇਅਰ ਦੀ ਵਿਵਸਥਾ ਕੀਤੀ ਗਈ ਹੈ। ਗਾਰਡਨ 'ਚ ਕੁਝ ਹਿੱਸਿਆਂ ਨੂੰ ਇਸ ਤਰ੍ਹਾਂ ਨਾਲ ਤਿਆਰ ਕੀਤਾ ਗਿਆ ਹੈ, ਜਿੱਥੇ ਸੈਲਾਨੀ ਕੁਦਰਤ ਦੇ ਨਜ਼ਾਰਾਂ ਵਿਚਾਲੇ ਥੋੜ੍ਹਾ ਆਰਾਮ ਵੀ ਕਰ ਸਕਦੇ ਹਨ।


Tanu

Content Editor

Related News