ਟਰੰਪ ਨੇ ਗਰਮਜੋਸ਼ੀ ਨਾਲ ਕੀਤਾ ਭਾਰਤੀ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ
Tuesday, Jun 27, 2017 - 03:19 AM (IST)
ਵਾਸ਼ਿੰਗਟਨ— ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਅਮਰੀਕਾ ਦੌਰੇ ਦੌਰਾਨ ਵਾਈਟ ਹਾਊਸ ਪਹੁੰਚ ਗਏ ਹਨ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਨ੍ਹਾਂ ਦੀ ਪਤਨੀ ਨੇ ਮੋਦੀ ਦਾ ਭਰਵਾਂ ਸਵਾਗਤ ਕੀਤਾ। ਟਰੰਪ ਨੇ ਬੜੀ ਗਰਮਜੋਸ਼ੀ ਨਾਲ ਮੋਦੀ ਨਾਲ ਹੱਥ ਮਿਲਾਇਆ। ਜਿਸ ਤੋਂ ਬਾਅਦ ਉਹ ਵਾਈਟ ਹਾਊਸ ਦੇ ਅੰਦਰ ਚਲੇ ਗਏ।
ਇਸ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨੇ ਟਰੰਪ ਵਲੋਂ ਕੀਤੇ ਗਏ ਉਨ੍ਹਾਂ ਦੇ ਸਵਾਗਤ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਸਵਾਗਤ ਉਨ੍ਹਾਂ ਦਾ ਨਹੀਂ ਇਹ ਸਵਾਗਤ ਭਾਰਤ ਦੇ 1.25 ਕਰੋੜ ਲੋਕਾਂ ਦਾ ਹੈ। ਇਸ ਤੋਂ ਬਾਅਦ ਟਰੰਪ ਨੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਚੰਗੇ ਕੰਮਾਂ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਆਰਥਿਕ ਮੋਰਚੇ 'ਤੇ ਮੋਦੀ ਦਾ ਕੰਮ ਕਾਬਿਲ-ਏ-ਤਾਰਾਫ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੋਦੀ ਦਾ ਅਮਰੀਕਾ ਆਉਣਾ ਸਾਡੇ ਲਈ ਸਨਮਾਨ ਵਾਲੀ ਗੱਲ ਹੈ ਤੇ ਭਾਰਤ ਤਰੱਕੀ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁਲਾਕਾਤ ਤੋਂ ਪਹਿਲਾਂ ਅਮਰੀਕਾ ਨੇ ਹਿਜਬੁੱਲ ਚੀਫ ਸਈਦ ਸਲਾਉਦੀਨ ਨੂੰ 'ਗਲੋਬਲ ਟੈਰਰਿਸਟ' ਐਲਾਨ ਕਰ ਦਿੱਤਾ। ਸਲਾਉਦੀਨ ਹਿਜਬੁੱਲ ਮੁਜਾਹੀਦੀਨ ਦਾ ਸਰਗਨਾ ਹੈ। ਅਮਰੀਕਾ ਨੇ ਆਪਣੇ ਬਿਆਨ 'ਚ ਕਿਹਾ ਕਿ ਕਸ਼ਮੀਰ 'ਚ ਹੋਣ ਵਾਲੇ ਅੱਤਵਾਦੀ ਹਮਲਿਆਂ 'ਚ ਸਲਾਉਦੀਨ ਦਾ ਹੱਥ ਹੈ ਤੇ ਉਹ ਅੱਤਵਾਦ ਫੈਲਾਉਣ ਦੇ ਮਕਸਦ ਨਾਲ ਅੱਤਵਾਦੀਆਂ ਨੂੰ ਟ੍ਰੇਨਿੰਗ ਦਿੰਦਾ ਹੈ। ਇਸ ਦੇ ਨਾਲ ਹੀ ਇਹ ਪਾਕਿਸਤਾਨ ਪ੍ਰਾਯੋਜਿਤ ਅੱਤਵਾਦ ਦੇ ਖਿਲਾਫ ਭਾਰਤ ਦੀ ਇਕ ਵੱਡੀ ਜਿੱਤ ਹੈ।